ਬਿਨੈ ਪੱਤਰ ਦੇਣ ਦੀ ਆਖ਼ਰੀ ਮਿਤੀ 10 ਸਤੰਬਰ, 2023, ਜਲੰਧਰ ਜ਼ਿਲ੍ਹੇ ਵਿੱਚ ਸਬਸਿਡੀ ਉੱਪਰ ਮਿਲੇਗੀ 200 ਮਸ਼ੀਨ
ਡਿਪਟੀ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਲੈਣ ਦਾ ਸੱਦਾ
ਜਲੰਧਰ , 3 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾਂਭਣ ਲਈ ਸਰਫ਼ੇਸ ਸੀਡਰ ਮਸ਼ੀਨ ਸਬਸਿਡੀ ‘ਤੇ ਉਪਲਬਧ ਕਰਵਾਉਣ ਵਾਸਤੇ ਆਨਲਾਈਨ ਪੋਰਟਲ agrimachinerypb.com ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਬਿਨੈ ਪੱਤਰ ਦੇਣ ਦੀ ਆਖ਼ਰੀ ਮਿਤੀ 10 ਸਤੰਬਰ, 2023 ਹੈ , ਜਿਸ ਤਹਿਤ ਜਲੰਧਰ ਜ਼ਿਲ੍ਹੇ ਵਿਚ 200 ਮਸ਼ੀਨਾਂ ਸਬਸਿਡੀ ਉੱਪਰ ਦਿੱਤੀਆਂ ਜਾਣਗੀਆਂ ।
ਉਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਦੀ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਰਜ਼ੀਆਂ ਦੇਣ ਲਈ ਕਿਸਾਨ ਡਾਇਰੈਕਟਰ ਖੇਤੀਬਾੜੀ ਵਲੋਂ ਅਖਬਾਰਾਂ ਵਿੱਚ ਦਿੱਤੇ ਇਸ਼ਤਿਹਾਰ ਵਿਚ ਦਿੱਤੇ ਗਏ ਬਾਰਕੋਡ ਨੂੰ ਵੀ ਸਕੈਨ ਕਰ ਸਕਦੇ ਹਨ। ਇਸ ਤੋਂ ਇਲਾਵਾ ਬਲਾਕ ਜਾਂ ਮੁੱਖ ਖੇਤੀਬਾੜੀ ਦਫਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸਕੀਮ ਅਧੀਨ ਸਰਫ਼ੇਸ ਸੀਡਰ ‘ਤੇ ਵੱਧ ਤੋਂ ਵੱਧ ਸਬਸਿਡੀ ਦੀ ਦਰ ਵਿਅਕਤੀਗਤ ਕਿਸਾਨ 40,000 ਰੁਪਏ ਅਤੇ ਕਸਟਮ ਹਾਇਰਿੰਗ ਸੈਂਟਰ 64,000 ਰੁਪਏ ਅਨੁਸਾਰ ਹੋਵੇਗੀ। ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਮਿਤੀ:10 ਸਤੰਬਰ, 2023 ਸ਼ਾਮ 5:00 ਵਜੇ ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਪੋਰਟਲ ‘ਤੇ ਦੇ ਸਕਦੇ ਹਨ।
ਉਨਾਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਨੂੰ ਇਸ ਯੋਜਨਾ ਦੇ ਲਾਭਾਂ ਬਾਰੇ ਜਾਣੂੰ ਕਰਵਾਉਣ ਜਿਸ ਲਈ ਪਿੰਡ ਪੱਧਰ ਉੱਪਰ ਸੈਮੀਨਾਰ ਤੇ ਜਾਗਰੂਕਤਾ ਕੈਂਪ ਲਾਉਣ ਦੇ ਹੁਕਮ ਦਿੱਤੇ ਗਏ ਹਨ । ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ਜਾਂ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800 180 1551 ‘ਤੇ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ

