ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੂਰਾਲ, ਬਲਕਾਰ ਸਿੰਘ ਅਤੇ ਨਿਗਮ ਕਮਿਸ਼ਨਰ ਸਮੇਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਚਲ ਰਹੇ ਕੰਮਾਂ ਨੂੰ ਤੈਅ ਸਮੇਂ ’ਚ ਮੁਕੰਮਲ ਕਰਨ ਦੇ ਨਿਰਦੇਸ਼
ਨਵ ਨਿਯੁਕਤ ਕਰਮਚਾਰੀਆਂ ਅਤੇ ਤਰਸ ਦੇ ਅਧਾਰ ’ਤੇ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਜਲੰਧਰ, 16 ਮਈ : ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅੱਜ ਸਥਾਨਕ ਨਗਰ ਨਿਗਮ ਕੰਪਲੈਕਸ ਵਿਖੇ ਨਿਗਮ ਕਮਿਸ਼ਨਰ ਸਮੇਤ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਕਾਰਜ ਤੈਅ ਸਮਾਂ ਹੱਦ ਵਿੱਚ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ।
ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੂਰਾਲ, ਬਲਕਾਰ ਸਿੰਘ ਅਤੇ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਸਮੇਤ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਡਾ. ਇੰਦਰਬੀਰ ਸਿੰਘ ਨਿੱਜਰ ਨੇ ਜਲੰਧਰ ਕੇਂਦਰੀ, ਜਲੰਧਰ ਪੱਛਮੀ, ਜਲੰਧਰ ਉਤੱਰੀ ਅਤੇ ਜਲੰਧਰ ਛਾਉਣੀ ਹਲਕਿਆਂ ਵਿੱਚ ਹੋ ਰਹੇ ਕੰਮਾਂ ਦੀ ਸਮੀਖਿਆ ਕੀਤੀ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ੁਰੂ ਕੀਤੀ ਜਲੰਧਰ ਦੇ ਵਿਕਾਸ ਦੀ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਦਿਆਂ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਹਰ ਲੋੜੀਂਦੇ ਕੰਮ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰਲੀਆਂ ਸੜਕਾਂ ਦੇ ਰੱਖ-ਰਖਾਅ, ਸਾਫ਼-ਸਫ਼ਾਈ, ਕੂੜੇ ਦੀ ਸਮੇਂ ਸਿਰ ਮੁਕੰਮਲ ਚੁਕਾਈ, ਸੀਵਰੇਜ਼ ਅਤੇ ਵਾਟਰ ਸਪਲਾਈ ਦੇ ਕੰਮਾਂ ਨੂੰ ਪੂਰੀ ਤਰਜੀਹ ਦਿੰਦਿਆਂ ਸ਼ਹਿਰ ਅੰਦਰਲੇ ਪਾਰਕਾਂ ਦੇ ਸੁੰਦਰੀਕਰਨ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ।
Ñਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਨੇ ਨਗਰ ਨਿਗਮ ਨਾਲ ਸਬੰਧਿਤ ਕੰਮਾਂ ਬਾਰੇ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਬਰਸਾਤਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਦੀ ਸਹੂਲਤ ਲਈ ਲੋੜੀਂਦੇ ਕਾਰਜ ਸਮਾਂ ਰਹਿੰਦਿਆਂ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ। ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਜਲੰਧਰ ਕੇਂਦਰੀ, ਜਲੰਧਰ ਪੱਛਮੀ, ਜਲੰਧਰ ਉਤੱਰੀ ਅਤੇ ਹਲਕਾ ਜਲੰਧਰ ਛਾਉਣੀ ਵਿੱਚ ਵੀ ਵੱਖ-ਵੱਖ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਆਪਣੇ ਮਸ਼ੀਨੀਕਰਨ ਵਿੱਚ ਵਾਧਾ ਕਰਦਿਆਂ ਕਈ ਨਵੀਆਂ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ ਅਤੇ ਲੋੜ ਪੈਣ ’ਤੇ ਹੋਰ ਵੀ ਮਸ਼ੀਨਾਂ ਖ਼ਰੀਦੀਆਂ ਜਾਣਗੀਆਂ ਤਾਂ ਜੋ ਆਧੁਨਿਕ ਢੰਗ ਨਾਲ ਹਰ ਕੰਮ ਨੂੰ ਸੁਖਾਲੇ ਅਤੇ ਘੱਟੋ-ਘੱਟ ਸਮੇਂ ਵਿੱਚ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਡਾ. ਨਿੱਜਰ ਨੇ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਸਮੇਤ ਸਥਾਨਕ ਸਰਕਾਰ ਵਿਭਾਗ ਵਿੱਚ ਨਵ ਨਿਯੁਕਤ ਕਰਮਚਾਰੀਆਂ ਅਤੇ ਤਰਸ ਦੇ ਅਧਾਰ ’ਤੇ ਨੌਕਰੀ ਪ੍ਰਾਪਤ ਕਰਨ ਵਾਲਿਆਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ।
ਸਥਾਨਕ ਸਰਕਾਰ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਸ਼ਹਿਰ ਦੇ ਸੀਵਰੇਜ਼ ਦੀ ਸੁਚੱਜੀ ਸਫ਼ਾਈ ਨੂੰ ਸਮੇਂ ਸਿਰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕ ਸਮੱਸਿਆਵਾਂ ਦਾ ਘੱਟੋ-ਘੱਟ ਸਮੇਂ ਵਿੱਚ ਨਿਬੇੜਾ ਕੀਤਾ ਜਾਵੇ। ਇਸ ਦੌਰਾਨ ਨਗਰ ਨਿਗਮ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸਥਾਨਕ ਸਰਕਾਰ ਮੰਤਰੀ, ਲੋਕ ਸਭਾ ਮੈਂਬਰ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਦਿਨੇਸ਼ ਢੱਲ ਅਤੇ ਹੋਰ ਅਹੁਦੇਦਾਰ ਮੌਜੂਦ ਸਨ।

