ਕਪੂਰਥਲਾ 13 ਜੂਨ ( ਗੌਰਵ ਮੜੀਆ) ਅਹਿਮਦਾਬਾਦ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ ਕਈ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਦੁਖਦਾਈ ਮੌਤ ਹੋ ਗਈ।ਪੂਰੇ ਦੇਸ਼ ਵਿੱਚ ਇਸ ਹਾਦਸੇ ਤੇ ਸੋਗ ਦੀ ਲਹਿਰ ਹੈ।ਵਿਰਾਸਤੀ ਸ਼ਹਿਰ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਅਹਿਮਦਾਬਾਦ ਜਹਾਜ਼ ਹਾਦਸੇ ਤੇ ਦੁੱਖ ਪ੍ਰਗਟ ਕਰਦਿਆਂ ਇਸ ਮੰਦਭਾਗੀ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੋ ਮਿੰਟ ਦਾ ਮੌਨ ਰੱਖਿਆ ਗਿਆ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਤੋਂ ਮਨ ਬਹੁਤ ਦੁਖੀ ਹੈ,ਮੈਂ ਦੁਖੀ ਪਰਿਵਾਰਾਂ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਅਹਿਮਦਾਬਾਦ ਵਿੱਚ ਹੋਏ ਮੰਦਭਾਗੇ ਜਹਾਜ਼ ਹਾਦਸੇ ਵਿੱਚ ਕਈ ਯਾਤਰੀਆਂ ਦੀ ਬੇਵਕਤੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ।ਮੈਂ ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ, ਮੈਡੀਕਲ ਕਾਲਜ ਦੇ ਵਿਦਿਆਰਥੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।ਉਨ੍ਹਾਂ ਅੱਗੇ ਕਿਹਾ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸਾਰੇ ਮ੍ਰਿਤਕਾਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਅਤੇ ਦੁਖੀ ਪਰਿਵਾਰਾਂ ਨੂੰ ਇਸ ਅਥਾਹ ਦਰਦ ਨੂੰ ਸਹਿਣ ਦੀ ਤਾਕਤ ਦੇਣ।ਇਸ ਮੌਕੇ ਖੋਜੇਵਾਲ ਨੇ ਸੀਨੀਅਰ ਭਾਜਪਾ ਨੇਤਾ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਹੈ।ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।ਮੈਨੂੰ ਵਿਜੇ ਰੂਪਾਨੀ ਨਾਲ ਨੇੜਿਓਂ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਉਨ੍ਹਾਂ ਦਾ ਜੀਵਨ ਦੇਸ਼ ਅਤੇ ਸਮਾਜ ਦੀ ਸੇਵਾ ਲਈ ਸਮਰਪਿਤ ਸੀ।ਉਹ ਇੱਕ ਬਹੁਤ ਹੀ ਨਿਮਰ ਨੇਤਾ ਸਨ।ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਨੇ ਨਾ ਸਿਰਫ਼ ਗੁਜਰਾਤ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ,ਸਗੋਂ ਪੰਜਾਬ ਵਿੱਚ ਵੀ ਕਈ ਸ਼ਾਨਦਾਰ ਕੰਮ ਕੀਤੇ।ਖੋਜੇਵਾਲ ਨੇ ਵਿਜੇ ਰੂਪਾਨੀ ਨੂੰ ਲੋਕ ਸੇਵਾ ਲਈ ਸਮਰਪਿਤ ਇੱਕ ਮਿਹਨਤੀ ਨੇਤਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਰਾਜਨੀਤੀ ਅਤੇ ਸਮਾਜ ਦੋਵਾਂ ਨੂੰ ਡੂੰਘਾ ਘਾਟਾ ਪਿਆ ਹੈ।ਉਨ੍ਹਾਂ ਨੇ ਹਾਦਸੇ ਵਿੱਚ ਮਾਰੇ ਗਏ ਹੋਰ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਲਈ ਵੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਘਾਟਾ ਨਾ ਪੂਰਾ ਹੋਣ ਵਾਲਾ ਹੈ।ਅਹਿਮਦਾਬਾਦ ਹਵਾਈ ਅੱਡੇ ਦੇ ਨੇੜੇ ਹੋਏ ਇਸ ਹਾਦਸੇ ਵਿੱਚ ਜਹਾਜ਼ ਤਕਨੀਕੀ ਨੁਕਸ ਕਾਰਨ ਹਾਦਸਾਗ੍ਰਸਤ ਹੋ ਗਿਆ,ਜਿਸ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।ਇਸ ਮੌਕੇ ਸੀਨੀਅਰ ਭਾਜਪਾ ਆਗੂ ਉਮੇਸ਼ ਸ਼ਾਰਦਾ,ਸ਼ਾਮ ਸੁੰਦਰ ਅਗਰਵਾਲ,ਕਪੂਰ ਚੰਦ ਥਾਪਰ,ਕਮਲਜੀਤ ਪ੍ਰਭਾਕਰ,ਅਸ਼ਵਨੀ ਤੁਲੀ,ਅਸ਼ੋਕ ਮਾਹਲਾ,ਸੰਨੀ ਬੈਂਸ,ਬਲਵੰਤ ਸਿੰਘ ਬੂਟਾ,ਜਗਦੀਸ਼ ਸ਼ਰਮਾ,ਵਿੱਕੀ ਗੁਜਰਾਲ,ਲੱਕੀ ਸਰਪੰਚ,ਸਾਬੀ ਲੰਕੇਸ਼, ਬੌਬੀ ਮਲਹੋਤਰਾ,ਸਾਹਿਲ ਵਾਲੀਆ,ਸੁਨੀਲ ਅਰੋੜਾ, ਸਰਬਜੀਤ ਸਿੰਘ ਬੰਟੀ,ਜਸ਼ਨ ਆਦਿ ਮੌਜੂਦ ਸਨ।

