ਕਪੂਰਥਲਾ, 1 ਮਾਰਚ ਫਰਵਰੀ-(ਗੌਰਵ ਮੜੀਆ ) ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਟੂਰਨਾਮੈਂਟ ਸ਼ਲਾਘਾਯੋਗ ਯਤਨ ਹੈ ਜਿਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਹ ਸ਼ਬਦ ਐਡਵੋਕੇਟ ਤੇ ਨੰਬਰਦਾਰ ਹਰਵਿੰਦਰ ਸਿੰਘ ਚੀਮਾ ਨੇ ਸ. ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ (ਰਜਿ.) ਪਿੰਡ ਦਬੂਲੀਆਂ ਜ਼ਿਲਾ ਕਪੂਰਥਲਾ ਵੱਲੋਂ 4 ਤੋਂ 8 ਮਾਰਚ ਤੱਕ ਪਿੰਡ ਦਬੂਲੀਆਂ ਵਿਖੇ ਕਰਵਾਏ ਜਾ ਰਹੇ ਬਾਸਕਿਟਬਾਲ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਕਹੇ।
ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਅੰਤਰਰਾਸ਼ਟਰੀ ਖਿਡਾਰੀ ਕੁਲਦੀਪ ਸਿੰਘ ਚੀਮਾ ਤੇ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਦੀ ਸਰਪ੍ਰਸਤੀ ‘ਚ ਕਰਵਾਇਆ ਜਾ ਰਿਹਾ ਹੈ ਜਿਸ ‘ਚ ਭਾਰਤ ਭਰ ਤੋਂ ਲੜਕੇ ਤੇ ਲੜਕੀਆਂ ਦੀਆਂ ਬਾਸਕਿਟਬਾਲ ਟੀਮਾਂ ਭਾਗ ਲੈਣਗੀਆਂ ਤੇ ਖੇਡ ਪ੍ਰਦਰਸ਼ਨ ਕਰਨਗੀਆਂ। ਟੂਰਨਾਮੈਂਟ ਦੌਰਾਨ ਰੋਜਾਨਾ ਸ਼ਾਮ 3.30 ਵਜੇ ਤੋਂ 8.30 ਵਜੇ ਮੈਚ ਹੋਇਆ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆ ‘ਚ ਫਸ ਕੇ ਆਪਣੀ ਜਵਾਨੀ ਬਰਬਾਦ ਕਰ ਰਹੀ ਹੈ। ਖੇਡਾਂ ਜਰੀਏ ਉਨ੍ਹਾਂ ਨੂੰ ਵਧੀਆ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ।ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਇਸ ਪਾਸੇ ਪੁੱਟੀ ਪੁਲਾਂਘ ਤੋਂ ਹੋਰਨਾਂ ਸਮਾਜ ਸੇਵੀਆ ਸੰਸਥਾਵਾਂ ਨੂੰ ਪ੍ਰੇਰਨਾ ਲੈਂਦੇ ਹੋਏ ਸਮੇਂ-ਸਮੇਂ ‘ਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਅਜਿਹੇ ਖੇਡ ਟੂਰਨਾਮੈਂਟ ਦਾ ਆਯੋਜਨ ਕਰਨਾ ਚਾਹੀਦਾ ਹੈ
ਤਾਂ ਜੋ ਪੰਜਾਬ ਦੀ ਜਵਾਨੀ ਨੂੰ ਸਮਾਂ ਰਹਿੰਦਿਆ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਖੇਡ ਖੇਡਣ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਗਲਤ ਸੰਗਤ ‘ਚ ਪੈਣ ਤੇ ਖੇਡਾਂ ‘ਚ ਨਾਮਣਾ ਖੱਟ ਕੇ ਆਪਣਾ, ਆਪਣੇ ਪਿੰਡ, ਸ਼ਹਿਰ ਸਮੇਤ ਆਪਣੇ ਸੂਬੇ ਪੰਜਾਬ ਤੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਨ।ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ‘ਚ ਇਸ ਟੂਰਨਾਮੈਂਟ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਟੂਰਨਾਮੈਂਟ ‘ਚ ਵੱਧ ਚੜ੍ਹ ਕੇ ਸ਼ਾਮਲ ਹੋਣ ਤੇ ਵੱਖ-ਵੱਖ ਸੂਬਿਆਂ ਤੋਂ ਪਹੁੰਚ ਰਹੀਆਂ ਟੀਮਾਂ ਦੀ ਹੌਂਸਲਾ ਅਫਜਾਈ ਕਰਨ।