ਕਪੂਰਥਲਾ 8 ਜਨਵਰੀ (ਗੌਰਵ ਮੜੀਆ) ਹਰ ਸਾਲ ਲੋਹੜੀ ਅਤੇ ਬਸੰਤ ਦੇ ਦਿਨਾਂ ਚ ਹਵਾ ਚ ਪੰਛੀਆਂ ਦੀ ਮੌਤ ਬਣ ਕੇ ਲਹਿਰਾਉਣ ਵਾਲੀ ਚਾਈਨਾ ਡੋਰ ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈਕੇ ਸ਼ਿਵ ਸੈਨਾ ਦੇ ਊਧਵ ਬਾਲਾ ਸਾਹਿਬ ਠਾਕਰੇ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਚਾਈਨਾ ਡੋਰ ਜੋ ਕਿ ਮਨੁੱਖੀ ਜੀਵਨ ਅਤੇ ਵਾਤਾਵਰਣ ਦੀ ਦੁਸ਼ਮਣ ਹੈ ਤੇ ਲਗਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਕਿਉਂਕਿ ਇਹ ਡੋਰ ਪੰਛੀਆਂ ਦੇ ਖੰਭ ਵੀ ਕੱਟ ਦਿੰਦੀ ਹੈ।
ਸ਼ਹਿਰ ਦੇ ਛੋਟੇ ਛੋਟੇ ਬੱਚੇ ਪਤੰਗਬਾਜੀ ਦੇ ਚੱਕਰ ਵਿੱਚ ਆਪਣੇ ਗਲੇ ਕਟਵਾ ਲੈਂਦੇ ਹਨ।ਪਿਛਲੇ ਕੁਝ ਸਾਲਾਂ ਤੋਂ ਚੀਨੀ ਡੋਰ ਨੇ ਜਿਸ ਤਰ੍ਹਾਂ ਲੋਕਾਂ ਦੀ ਜਾਨ ਲਈ ਹੈ ਜਾਂ ਜ਼ਖਮੀ ਕੀਤਾ ਹੈ,ਉਸ ਤੋਂ ਇਸ ਨੂੰ ਖੂਨੀ ਡੋਰ ਵੀ ਕਿਹਾ ਜਾਣ ਲੱਗਾ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਵਿਕਰੀ ਅਤੇ ਸਟੋਰੇਜ ਤੇ ਪਾਬੰਦੀ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਸ਼ਹਿਰ ਦੀਆਂ ਕਈ ਗਲੀਆਂ ਮੁਹੱਲਿਆਂ ਚ ਬੱਚੇ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ ਹਨ।ਫਲਸਰੂਪ ਚਾਈਨਾ ਡੋਰ ਕਿਸੇ ਵੀ ਇਨਸਾਨ ਜਾਂ ਜਾਨਵਰ ਜਾਂ ਫਿਰ ਪੰਛੀ ਲਈ ਕਿਸੇ ਵੀ ਸਮੇਂ ਘਾਤਕ ਸਾਬਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਲੋਹੜੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਇਸ ਸ਼ਮੇ ਸ਼ਹਿਰ ਵਿੱਚ ਡੋਰ ਵੇਚਣ ਵਾਲੇ ਦੁਕਾਨਦਾਰ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ।ਉਨ੍ਹਾਂ ਕਿਹਾ ਕਿ ਚਾਈਨਾ ਡੋਰਾਂ ਤੇ ਸ਼ੀਸ਼ੇ ਅਤੇ ਤਿੱਖੇ ਧਾਤੂ ਹੋਣ ਕਾਰਨ ਉਨ੍ਹਾਂ ਚਾਈਨਾ ਡੋਰ ਦੀ ਬਲੈਕ ਵੀ ਜ਼ੋਰਦਾਰ ਢੰਗ ਨਾਲ ਹੋ ਰਹੀ ਹੈ। ਕਿਉਂਕਿ ਚਾਈਨਾ ਡੋਰ ਤੇ ਕੱਚ ਅਤੇ ਤਿੱਖੀ ਧਾਤੂ ਲੱਗੀ ਹੁੰਦੀ ਹੈ,ਜਿਸ ਕਾਰਨ ਇਹ ਡੋਰ ਆਸਾਨੀ ਨਾਲ ਨਹੀਂ ਟੁੱਟਦੀ। ਅਜਿਹੇ ਚ ਪਤੰਗਬਾਜੀ ਕਰਦੇ ਬੱਚਿਆਂ ਦੀ ਪਤੰਗ ਨਾ ਕੱਟੇ,ਇਸੇ ਲਈ ਬੱਚੇ ਅਤੇ ਨੌਜਵਾਨ ਵੀ ਪਤੰਗ ਉਡਾਉਣ ਵਿੱਚ ਚਾਈਨਾ ਡੋਰ ਨੂੰ ਪਹਿਲ ਦਿੰਦੇ ਹਨ।
ਉਨ੍ਹਾਂਨੇ ਕਿਹਾ ਕਿ ਇਨ੍ਹਾਂ ਦਿਨੀ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ, ਕਿਉਂਕਿ ਪ੍ਰਸ਼ਾਸਨ ਨੇ ਅਜੇ ਤੱਕ ਇਸ ਦੀ ਕੋਈ ਕਾਰਵਾਈ ਨਹੀਂ ਕੀਤੀ ਹੈ। ਕਾਲੀਆ ਨੇ ਕਿਹਾ ਕਿ ਹਰ ਰੋਜ਼ ਅਖਬਾਰਾਂ ਚ ਚਾਈਨਾ ਡੋਰ ਤੇ ਹੋਣ ਵਾਲੇ ਹਾਦਸਿਆਂ ਦੀਆਂ ਖਬਰਾਂ ਛਪਦੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਇਸ ਦਾ ਫਾਇਦਾ ਉਠਾਉਂਦੇ ਹੋਏ ਦੁਕਾਨਦਾਰਾਂ ਨੇ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਸਟੋਰ ਕਰ ਲਈ ਹੈ।ਜੋ ਲੋਹੜੀ ਅਤੇ ਬਸੰਤ ਦੇ ਦਿਨਾਂ ਵਿੱਚ ਨਾ ਜਾਣੇ ਕਿੰਨੇ ਪੰਛੀਆਂ,ਬੱਚਿਆਂ ਅਤੇ ਬਜ਼ੁਰਗਾਂ ਦੇ ਗਲੇ ਕੱਟ ਕੱਟੇਗੀ। ਕਾਲੀਆ ਨੇ ਕਿਹਾ ਕਿ ਜੇਕਰ ਚਾਈਨਾ ਡੋਰ ਤੇ ਪਾਬੰਦੀ ਨਾ ਲੱਗ ਰਹੀ ਤਾਂ ਨਸ਼ੇ ਵਰਗੀ ਦੁਸ਼ਟਤਾ ਦਾ ਪੰਜਾਬ ਚੋਂ ਖਾਤਮਾ ਕਰਨਾ ਅਸੰਭਵ ਹੈ।ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਨੂੰ ਸਟੋਰ ਨਾ ਕਰਨ ਤਾਂ ਜੋ ਲੋਹੜੀ ਅਤੇ ਬਸੰਤ ਮੌਸਮ ਦਾ ਸੁਆਗਤ ਕੁਦਰਤ ਅਤੇ ਮਨੁੱਖਤਾ ਪ੍ਰਤੀ ਪਿਆਰ ਬਰਕਰਾਰ ਰੱਖ ਕੇ ਕੀਤੀ ਜਾ ਸਕੇ।

