ਕਪੂਰਥਲਾ(ਗੌਰਵ ਮੜੀਆ )ਹਲਕਾ ਕਪੂਰਥਲਾ ਦੇ ਲੋਕਾਂ ਦੇ ਹੱਕਾਂ ਲਈ ਪਿਛਲੇ ਲੰਬੇ ਸ਼ਮੇ ਬੇਬਾਕ ਤਰੀਕੇ ਨਾਲ ਅਵਾਜ ਚੁੱਕਣ ਵਾਲੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਅਤੇ ਹਲਕਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਅਜੀਤ ਪੰਚਾਲ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਦਿੱਤਾ ਗਿਆ।ਅਵੀ ਰਾਜਪੂਤ ਵਲੋਂ ਇਸ ਮੰਗ ਪੱਤਰ ਵਿੱਚ ਕਿਹਾ ਕਿ ਹਲਕੇ ਵਿੱਚ ਸ਼ਹਿਰੀ ਖੇਤਰਾਂ ਅਤੇ ਪਿੰਡਾਂ ਨਾਲ ਸਬੰਧਤ ਗਰੀਬ ਲੋਕਾਂ ਨੂੰ ਕੱਚੇ ਬਾਲੇ ਵਾਲਿਆਂ ਛੱਤਾਂ ਨੂੰ ਪੱਕਾ ਕਰਵਾਉਣ ਲਈ ਸਰਕਾਰੀ ਸਕੀਮ ਤਹਿਤ ਲਾਭ ਨਹੀ ਮਿਲ ਰਿਹਾ।
ਕਾਫੀ ਲੰਬੇ ਸਮੇਂ ਤੋਂ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਸਕੀਮ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦੀ ਬੇਨਤੀ ਕਰਦਾ ਆ ਰਿਹਾ ਹਾਂ ਪਰ ਸਬੰਧਤ ਮਹਿਕਮੇ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੇ ਚੱਲਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇਸ ਸਕੀਮ ਦਾ ਪੂਰਾ ਲਾਭ ਨਹੀ ਮਿਲ ਰਿਹਾ ਹੈ।ਉਨ੍ਹਾਂਨੇ ਕਿਹਾ ਸਰਕਾਰ ਵੱਲੋਂ ਗਰੀਬਾਂ ਤੱਕ ਹਰ ਸਹੂਲਤ ਪਹੁੰਚਾਉਣ ਦੇ ਦਾਅਵੇ ਜਮੀਨੀ ਹਕੀਕਤ ਤੇ ਸੱਚ ਸਾਬਤ ਨਹੀ ਹੋ ਰਹੇ।ਨਾ ਹੀ ਘਰ ਦੀਆਂ ਛੱਤਾਂ ਪੱਕੀਆਂ ਕਰਵਾਉਣ ਲਈ ਲੋੜਵੰਦਾਂ ਨੂੰ ਗ੍ਰਾਂਟ ਮਿਲ ਰਹੀ ਹੈ ਅਤੇ ਨਾ ਹੀ ਸਰਕਾਰ ਵੱਲੋਂ ਜੋ 5-5 ਮਰਲੇ ਦੇ ਪਲਾਟ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ,ਉਸਦਾ ਲਾਭ ਮਿਲ ਪਾਇਆ ਹੈ।
ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ ਜੀ।ਇਸ ਮੰਗ ਪੱਤਰ ਵਿੱਚ ਅਵੀ ਰਾਜਪੂਤ ਵਲੋਂ ਇਹ ਵੀ ਕਿਹਾ ਗਿਆ ਕਿ ਬਹੁਤ ਲੰਬੇ ਸਮੇਂ ਤੋਂ ਸ਼ਹੀਦ ਊਧਮ ਸਿੰਘ ਸੇਵਾ ਸੁਸਾਇਟੀ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ ਸੈਨਿਕ ਸਕੂਲ ਚੌਂਕ ਵਿੱਚ ਲਗਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਾਡੀ ਇਹ ਮੰਗ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ ਅਤੇ ਤਰੀਕ ਤੇ ਤਰੀਕ ਦਿੱਤੀ ਜਾ ਰਹੀ ਹੈ।ਸਾਡੀ ਇਹ ਮੰਗ ਪ੍ਰਵਾਨ ਕਰਦੇ ਹੋਏ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ ਸੈਨਿਕ ਸਕੂਲ ਚੌਂਕ ਵਿੱਚ ਸਥਾਪਿਤ ਕਰਵਾਉਣ ਦੇ ਲਈ ਯੋਗ ਕਦਮ ਚੁੱਕੇ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਸ਼ਹੀਦ ਊਧਮ ਸਿੰਘ ਜੀ ਦੇ ਦਿਖਾਏ ਰਸਤੇ ਤੇ ਚੱਲ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰ ਸਕੇ।
ਉਨ੍ਹਾਂਨੇ ਮੰਗ ਪੱਤਰ ਵਿੱਚ ਇਹ ਵੀ ਕਿਹਾ ਕਿ ਨਗਰ ਨਿਗਮ ਵਿੱਚ ਨਕਸ਼ਾ ਪਾਸ ਕਰਵਾਉਣ ਲਈ ਵੱਡੀ ਧਾਂਦਲੀ ਚੱਲ ਰਹੀ ਹੈ।ਨਕਸ਼ਾ ਪਾਸ ਕਰਵਾਉਣ ਲਈ ਅਤੇ ਨਵੇਂ ਕਾਰੋਬਾਰ ਸ਼ੁਰੂ ਕਰਨ ਲਈ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਅਤੇ ਕੰਮ ਕਰਵਾਉਣ ਲਈ ਕਮਿਸ਼ਨਾਂ ਰੱਖੀਆਂ ਹੋਈਆਂ ਹਨ।ਜਿਸ ਸਬੰਧੀ ਡੀਸੀ ਵਲੋਂ ਜਾਂਚ ਕਰਵਾਈ ਜਾਵੇ ਜਾਂ ਕਿਸੇ ਵੇਲੇ ਅਚਨਚੇਤ ਚੈਕਿੰਗ ਕਰਕੇ ਕਸੂਰਵਾਰ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਵਿੱਚ ਕੀਤੀ ਗਈ ਤਾਂ ਜੋ ਨਗਰ ਨਿਗਮ ਵਿੱਚ ਲੋਕਾਂ ਨਾਲ ਠੱਗੀ ਦੇ ਚੱਲ ਰਹੇ ਕਾਲੇ ਧੰਦੇ ਬਾਰੇ ਪਤਾ ਲੱਗ ਸਕੇ ਅਤੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਮੁਸ਼ਕਿਲ ਪੇਸ਼ ਨਾ ਆਵੇ।
ਅਵੀ ਰਾਜਪੂਤ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਬੜੇ ਲੰਬੇ ਸਮੇਂ ਤੋਂ ਸਟਾਫ ਦੀ ਕਮੀ ਦੇ ਚੱਲਦੇ ਲੋਕਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਨਹੀ ਮਿਲ ਰਹੀਆਂ ਹਨ।ਉਨ੍ਹਾਂਨੇ ਮੰਗ ਪੱਤਰ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਸਟਾਫ ਦੀ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ ਤਾਂ ਜੋ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਵਧੀਆ ਅਤੇ ਸਮੇਂ ਸਿਰ ਸਿਹਤ ਸਹੂਲਤਾਂ ਮਿਲ ਸਕਣ।ਜੇਕਰ ਹੋ ਸਕੇ ਤਾਂ ਸਿਵਲ ਹਸਪਤਾਲ ਵਿੱਚ ਡੀ.ਸੀ ਰੇਟ ਤੇ ਸਟਾਫ ਭਰਤੀ ਕੀਤਾ ਜਾਵੇ।ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਕੁਝ ਅਫਸਰ 10-12 ਸਾਲਾਂ ਤੋਂ ਵੱਡੀਆਂ ਕੁਰਸੀਆਂ ਤੇ ਬੈਠੇ ਹਨ ਜਿਨ੍ਹਾਂ ਦੀ ਲੰਬੇ ਸਮੇਂ ਬਦਲੀ ਨਹੀ ਹੋਈ ਅਤੇ ਡਿਕਟੇਟਰਸ਼ਿਪ ਚਲਾ ਰਹੇ ਹਨ।
ਇਨ੍ਹਾਂ ਦੀ ਬਦਲੀ ਕਰਕੇ ਨਵੇਂ ਅਤੇ ਯੋਗ ਅਫਸਰਾਂ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਬਣਿਆ ਰਹੇ।ਉਨ੍ਹਾਂਨੇ ਕਿਹਾ ਕਿ ਨਗਰ ਨਿਗਮ ਵਿੱਚ ਡੀ.ਸੀ ਰੇਟਾਂ ਤੇ 175 ਨਵੇਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀ ਭਰਤੀ ਦਾ ਮਾਮਲਾ ਪਿਛਲੇ ਕਰੀਬ 3 ਸਾਲਾਂ ਤੋਂ ਲਟਕਾਇਆ ਜਾ ਰਿਹਾ ਹੈ ਅਤੇ ਤਰੀਕ ਤੇ ਤਰੀਕ ਪਾਈ ਜਾ ਰਹੀ ਹੈ।ਸਫਾਈ ਸੇਵਕਾਂ ਦੀ ਕਮੀ ਦੇ ਚੱਲਦੇ ਸ਼ਹਿਰ ਵਿੱਚ ਸਮੇਂ ਸਿਰ ਸਫਾਈ ਨਹੀ ਹੋ ਰਹੀ।ਇਸ ਲਈ ਸਾਡੀ ਮੰਗ ਪ੍ਰਵਾਨ ਕਰਦੇ ਹੋਏ ਨਵੇਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀ ਭਰਤੀ ਜਲਦ ਤੋਂ ਜਲਦ ਕਰਨਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਕੁਲਦੀਪ ਧੀਰ,ਸੌਰਵ ਨਾਹਰ,ਦਵਿੰਦਰ,ਹਰਪ੍ਰੀਤ,ਅਮਰਜੀਤ,ਲਾਲ ਚੰਦ, ਸੌਰਵ,ਗੁਰਮੁੱਖ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

