ਜਲੰਧਰ, 20 ਫਰਵਰੀ : ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਸਾਡੇ ਪਵਿੱਤਰ ਗ੍ਰੰਥਾਂ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀਮਦ ਭਾਗਵਤ ਗੀਤਾ ਨੂੰ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਦੱਸਿਦਿਆਂ ਕਿਹਾ ਕਿ ਜੋ ਵੀ ਇਸ ਪਵਿੱਤਰ ਗ੍ਰੰਥ ਨੂੰ ਪੜ੍ਹਦਾ ਹੈ, ਉਹ ਭਗਵਾਨ ਕ੍ਰਿਸ਼ਨ ਦੀ ਕਿਰਪਾ ਪ੍ਰਾਪਤ ਕਰਦਾ ਹੈ।

ਸੋਮਵਾਰ ਸ਼ਾਮ ਇੱਥੇ ਸਾਈਂ ਦਾਸ ਸਕੂਲ ਦੇ ਗਰਾਊਂਡ ਵਿੱਚ ਸ਼੍ਰੀਮਦ ਭਾਗਵਤ ਕਥਾ ਦੇ ਸ਼ੁਭ ਆਰੰਭ ਮੌਕੇ ਸਪੀਕਰ ਨੇ ਕਿਹਾ ਕਿ ਗੀਤਾ ਸਿਰਫ਼ ਇੱਕ ਪਵਿੱਤਰ ਗ੍ਰੰਥ ਨਹੀਂ ਸਗੋਂ ਜੀਵਨ ਜਿਊਣ ਦਾ ਇੱਕ ਤਰੀਕਾ ਵੀ ਹੈ।

ਉਨ੍ਹਾਂ ਕਿਹਾ ਕਿ ਜੋ ਲੋਕ ਸ਼੍ਰੀਮਦ ਭਾਗਵਤ ਦੀਆਂ ਸਿੱਖਿਆਵਾਂ ’ਤੇ ਚਲਦੇ ਹਨ, ਉਹ ਜੀਵਨ ਦੇ ਦੁੱਖਾਂ ਨੂੰ ਮਾਤ ਦੇ ਦਿੰਦੇ ਹਨ ਕਿਉਂਕਿ ਇਹ ਪਵਿੱਤਰ ਗ੍ਰੰਥ ਉਨ੍ਹਾਂ ਨੂੰ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨੂੰ ਸਹਿਣ ਕਰਨ ਦੀ ਹਿੰਮਤ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ।

ਉਨ੍ਹਾਂ ਸੱਤ ਦਿਨਾਂ ਸ਼੍ਰੀਮਦ ਭਾਗਵਤ ਕਥਾ ਸਮਾਗਮ ਲਈ ਪ੍ਰਸਿੱਧ ਕਥਾਵਾਚਕ ਜੈ ਕਿਸ਼ੋਰੀ ਜੀ ਨੂੰ ਸੱਦਾ ਦੇ ਕੇ ਜਲੰਧਰ ਦੀ ਪਵਿੱਤਰ ਧਰਤੀ ‘ਤੇ ਇਹ ਸਮਾਗਮ ਕਰਵਾਉਣ ਲਈ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਸ਼੍ਰੀ ਸੰਧਵਾਂ ਨੇ ਕਿਹਾ ਕਿ ਇਹ ਸਮਾਗਮ ਇਸ ਪਵਿੱਤਰ ਨਗਰੀ ਵਿੱਚ ਇੱਕ ਹੋਰ ਮਿਸਾਲ ਸਾਬਤ ਹੋਵੇਗਾ, ਜਿਸ ਵਿੱਚ ਜੈ ਕਿਸ਼ੋਰੀ ਜੀ ਵਰਗੇ ਕਥਾਵਾਚਕ ਸੰਗੀਤਕ ਪੇਸ਼ਕਾਰੀ ਰਾਹੀਂ ਸ਼੍ਰੀਮਦ ਭਾਗਵਤ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਉਣਗੇ।
ਇਸ ਮੌਕੇ ਵਿਧਾਇਕ ਸ਼ੀਤਲ ਅੰਗੂਰਾਲ, ਉਦਯੋਗਪਤੀ ਸ਼ੀਤਲ ਵਿੱਜ ਅਤੇ ਹੋਰ ਪਤਵੰਤੇ ਮੌਜੂਦ ਸਨ।

