ਸ਼ਾਹਕੋਟ: ਸ਼ਾਹਕੋਟ ਨਜ਼ਦੀਕ ਕਾਵਾਂ ਵਾਲਾ ਪੱਤਣ ਵਿਖੇ ਕੌਮੀ ਮਾਰਗ ’ਤੇ ਪੁਲਿਸ ਵਲੋਂ ਲਗਾਏ ਹਾਈਟੈੱਕ ਨਾਕੇ ’ਤੇ ਇੱਕ ਏ.ਐਸ.ਆਈ. ਨੂੰ ਇੱਕ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਸੁਰਜੀਤ ਸਿੰਘ ਵਾਸੀ ਪਿੰਡ ਬਾਜਵਾ ਕਲਾਂ ਕਾਵਾਂ ਵਾਲਾ ਪੱਤਣ (ਸਤਲੁਜ ਦਰਿਆ) ’ਤੇ ਪੁਲਿਸ ਵਲੋਂ ਲਗਾਏ ਹਾਈਟੈੱਕ ਨਾਕੇ ਦੌਰਾਨ ਡਿਊਟੀ ’ਤੇ ਮੌਜੂਦ ਸੀ, ਜਿਸ ਵਲੋਂ ਦਰਿਆ ਤੋਂ ਪਾਰ ਮੋਗਾ ਵਾਲੇ ਪਾਸੇ ਤੋਂ ਆ ਰਹੀ ਇੱਕ ਜ਼ੈਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਚਾਲਕ ਨੇ ਰੁਕਣ ਦੀ ਬਿਜਾਏ ਤੇਜ਼ ਰਫ਼ਤਾਰ ਕਾਰ ਏ.ਐਸ.ਆਈ. ਸੁਰਜੀਤ ਸਿੰਘ ਦੇ ਵਿੱਚ ਮਾਰੀ।
ਉਹ ਉਛਲ ਕੇ ਕਾਰ ਦੀ ਛੱਡ ’ਤੇ ਡਿੱਗਾ ਤੇ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਏ.ਐਸ.ਆਈ. ਦੇ ਉੱਪਰ ਚੜ੍ਹ ਗਈ ਤੇ ਫਿਰ ਸੜਕ ਕਿਨਾਰੇ ਲੱਗੀਆਂ ਸਲੈਬਾਂ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਏ.ਐਸ.ਆਈ. ਸੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ,
ਜਿਸ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਪਹਿਲਾਂ ਜਲੰਧਰ ਤੇ ਜਲੰਧਰ ਤੋਂ ਲੁਧਿਆਣਾ ਡੀ.ਐਮ.ਸੀ. ਰੈਫ਼ਰ ਕਰ ਦਿੱਤਾ ਗਿਆ। ਐਸ.ਐਚ.ਓ. ਸ਼ਾਹਕੋਟ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਰ ਟਰੇਸ ਕਰ ਲਈ ਗਈ ਹੈ, ਜਿਸਦਾ ਚਾਲਕ ਫਰਾਰ ਹੈ। ਪੁਲਿਸ ਵਲੋਂ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

