ਆੜ੍ਹਤੀਆ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਧਰਨਾ,ਅਨਾਜ ਮੰਡੀਆਂ ਚ ਛਾਇਆ ਰਿਹਾ ਸੰਨਾਟਾ
ਕਪੂਰਥਲਾ 1 ਅਕਤੂਬਰ (ਗੌਰਵ ਮੜੀਆ ) ਆੜ੍ਹਤੀ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਧਰਨੇ ਦਿੱਤੇ ਗਏ।ਇਸੇ ਕੜੀ ਦੇ ਤਹਿਤ ਅੱਜ ਕਪੂਰਥਲਾ ਵਿੱਚ ਵੀ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਦਾਣਾ ਮੰਡੀ ਵਿੱਚ ਧਰਨਾ ਦੇ ਕੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਦੌਰਾਨ ਅਨਾਜ ਮੰਡੀਆਂ ਚ ਸੰਨਾਟਾ ਛਾਇਆ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਓਮਕਾਰ ਕਾਲੀਆ ਨੇ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨ ਅਤੇ ਮਜ਼ਦੂਰਾਂ ਵੱਲੋਂ ਸੁਰਿੰਦਰ ਕੁਮਾਰ ਸ਼ਰਮਾ,ਤਿਲਕ ਰਾਜ ਅਗਰਵਾਲ,ਪਵਨ ਕੌੜਾ, ਰਣਜੀਤ ਪ੍ਰਧਾਨ ਦੀ ਅਗਵਾਈ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਆੜ੍ਹਤੀਆ ਅਤੇ ਮਜਦੂਰਾ ਨੇ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਆੜ੍ਹਤੀ ਫੀਸ ਜੋ ਕਿ 2019 ਤੋਂ 46 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਗਈ ਹੈ,ਨੂੰ ਵਧਾਉਣਾ,ਲਗਭਗ 50 ਕਰੋੜ ਰੁਪਏ ਦੀ ਈਪੀਐਫ ਰਾਸ਼ੀ ਜਾਰੀ ਕਰਨਾ, ਲੋਡਿੰਗ ਲਈ ਲੇਬਰ ਰੇਟ ਤੈਅ ਨਾ ਹੋਣਾ ਪ੍ਰਾਈਵੇਟ ਕੰਪਨੀਆਂ ਦੇ ਗੁਦਾਮਾਂ ਵਿੱਚ ਰਾਖੇ ਅਨਾਜ ਤੇ ਆੜ੍ਹਤ ਨਾ ਮਿਲਣਾ ਆਦਿ ਸ਼ਾਮਲ ਹੈ।
ਇਸ ਦੌਰਾਨ ਆੜ੍ਹਤੀ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮੰਡੀ ਵਿੱਚ ਹੜਤਾਲ ਜਾਰੀ ਰਹੇਗੀ।ਉਨ੍ਹਾਂ ਕਿਹਾ ਕਿ ਹੜਤਾਲ ਕਰਨਾ ਉਨ੍ਹਾਂ ਦੀ ਮਜਬੂਰੀ ਹੈ,ਜਿਸ ਇਸ ਦਾ ਪ੍ਰਭਾਵ ਸਮੁੱਚੀ ਖਰੀਦ ਪ੍ਰਕਿਰਿਆ ਤੇ ਪਵੇਗਾ।ਸ਼ਰਮਾ ਨੇ ਕਿਹਾ ਕਿ ਇਹ ਹੜਤਾਲ ਮੁੱਖ ਰੂਪ ਵਿੱਚ ਕੇਂਦਰ ਵਲੋਂ ਕਣਕ ਦੀ ਫ਼ਸਲ ਚ ਨਮੀ ਸੁੱਕਣ ਦੇ ਕਾਰਨ ਅਨਾਜ ਦੀ ਸਪਲਾਈ ਬੰਦ ਕਰਨ ਅਤੇ ਅਨਾਜ ਤੇ ਢਾਈ ਫ਼ੀਸਦੀ ਕਮਿਸ਼ਨ ਬਹਾਲ ਕਰਨ ਨੂੰ ਲੈ ਕੇ ਹੈ।ਉਨ੍ਹਾਂ ਕਿਹਾ ਕਿ ਆੜ੍ਹਤੀ ਪੰਜਾਬ ਸਰਕਾਰ ਤੋਂ ਨਾਰਾਜ਼ ਹਨ ਕਿ ਆਰਡੀਏ ਦਾ ਮਾਮਲਾ ਅਦਾਲਤ ਵਿਚ ਲਿਜਾਇਆ ਗਿਆ,ਪਰ ਇਕ ਵਾਰ ਉਨ੍ਹਾਂ ਦੀ ਕਮਿਸ਼ਨ ਦੀ ਦਰ ਘਟਾ ਕੇ 2.5 ਫੀਸਦੀ ਕਰਨ ਦੀ ਗੱਲ ਇੱਕ ਵਾਰ ਵੀ ਨਹੀਂ ਕੀਤੀ ਗਈ।ਉਨ੍ਹਾਂਨੇ ਕਿਹਾ ਕਿ ਪੰਜਾਬ ਚ 45 ਹਜ਼ਾਰ ਆੜ੍ਹਤੀ ਹਨ।
ਸਰਕਾਰ ਦੂਜੇ ਵਰਗਾਂ ਨੂੰ ਮੁਫਤ ਬਿਜਲੀ ਅਤੇ ਹੋਰ ਸਹੂਲਤਾਂ ਦੇ ਰਹੀ ਹੈ,ਪਰ ਆੜ੍ਹਤੀਆਂ ਨੂੰ 50 ਕਰੋੜ ਰੁਪਏ ਦੇਣਾ ਮੁਸ਼ਕਲ ਹੈ।ਉਨ੍ਹਾਂ ਕਿਹਾ ਕਿ ਕਣਕ ਦੀ ਕਮੀ ਵਿੱਚ ਕਿਸਾਨਾਂ ਦਾ ਕੀ ਕਸੂਰ ਹੈ।ਜੇਕਰ ਕਣਕ ਸਮੇਂ ਸਿਰ ਨਹੀਂ ਚੁੱਕੀ ਗਈ ਅਤੇ ਗਰਮੀ ਦੇ ਕਾਰਨ ਨਮੀ ਸੁੱਕ ਗਈ ਅਤੇ ਵਜ਼ਨ ਘੱਟ ਹੋ ਗਿਆ ਤਾਂ ਇਸ ਵਿੱਚ ਸਰਕਾਰ ਤੇ ਟ੍ਰਾਂਸਪੋਰਟ ਦੀ ਗ਼ਲਤੀ ਹੈ।ਉਨ੍ਹਾਂ ਕਿਹਾ ਕਿ ਘਾਟੇ ਦਾ ਪੈਸਾ ਜਾਂ ਤਾਂ ਉਨ੍ਹਾਂਦੇ ਬਕਾਏਦਾਰਾਂ ਤੋਂ ਕੱਟ ਲਿਆ ਜਾਂਦਾ ਸੀ ਜਾਂ ਦਬਾਅ ਬਣਾਕੇ ਇੰਸਪੈਕਟਰਾਂ ਦੁਆਰਾ ਜ਼ਬਰਦਸਤੀ ਵਸੂਲੀ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਹੁਣ ਤੋਂ 72 ਘੰਟੇ ਬਾਅਦ ਵੱਢੀ ਗਈ ਕਿਸੇ ਵੀ ਫ਼ਸਲ ਦੇ ਵਜ਼ਨ ਵਿੱਚ ਕਮੀ ਲਈ ਉਹ ਜਿੰਮੇਵਾਰ ਨਹੀਂ ਹੋਣਗੇ।ਉਨ੍ਹਾਂਨੇ ਮੰਗ ਕੀਤੀ ਕਿ ਕੀ ਆੜ੍ਹਤ 2.5 ਫੀਸਦੀ ਕੀਤੀ ਜਾਵੇ,ਕਣਕ ਦੀ ਨਮੀ ਘੱਟ ਹੋਣ ਦੇ ਕਾਰਨ ਕਟੌਤੀ ਕੀਤੀ ਗਈ ਘਾਟ ਵਾਪਸ ਕੀਤੀ ਜਾਵੇ, ਲੋਡਿੰਗ ਦੀ ਲੇਬਰ ਰੇਟ ਵਧਾਈ ਜਾਵੇ, ਆੜ੍ਹਤੀਆਂ ਦੇ 50 ਕਰੋੜ ਰੁਪਏ ਵਿਆਜ ਸਮੇਤ ਜਾਰੀ ਕੀਤੇ ਜਾਣ।

