ਆਯੂਸ਼ਮਾਨ ਐਪ’ ’ਤੇ ਹੁਣ ਲੋਕ ਹੈਲਥ ਕਾਰਡ ਲਈ ਕਰ ਸਕਦੇ ਰਜਿਸਟਰ
ਜਲੰਧਰ, 15 ਸਤੰਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਉਣ ਲਈ ‘ਆਯੂਸ਼ਮਾਨ ਭਵ’ 15 ਰੋਜ਼ਾ ਮੁਹਿੰਮ ਤਹਿਤ 17 ਸਤੰਬਰ ਤੋਂ 02 ਅਕਤੂਬਰ 2023 ਤੱਕ ਜਿਲ੍ਹੇ ਭਰ ਦੇ ਵੱਖ-ਵੱਖ ਬਲਾਕਾਂ ਵਿੱਚ 127 ਕੈਂਪ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਆਯੂਸ਼ਮਾਨ ਆਪ ਕੇ ਦੁਆਰ’ ਤਹਿਤ ਯੋਗ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਲਈ ਰਜਿਸਟਰਡ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਕਾਰਡ ਜਾਰੀ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਇਸ ਸਬੰਧੀ ਸਮੁੱਚੀ ਰੂਪ ਰੇਖਾ ਉਲੀਕੀ ਗਈ ਹੈ ਅਤੇ ਇਸ ਨੂੰ ਸਾਰੀਆਂ ਸਬੰਧਿਤ ਕਮਿਊਨਟੀ ਅਤੇ ਮੁੱਢਲੇ ਸਿਹਤ ਕੇਂਦਰਾਂ ਨਾਲ ਸਾਂਝਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 127 ਕੈਂਪਾਂ ਵਿਚੋਂ ਕਰਤਾਰਪੁਰ ਬਲਾਕ ਵਿੱਚ 29 ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਜਮਸ਼ੇਰ ਖਾਸ ਸਵਿਖੇ 22, ਬਲਾਕ ਕਾਲਾ ਬੱਕਰਾ ਵਿਖੇ 17, ਬਲਾਕ ਲੋਹੀਆਂ ਵਿਖੇ 16, ਬਲਾਕ ਆਦਮਪੁਰ ਵਿਖੇ 10 ਅਤੇ ਬਲਾਕ ਬੜਾ ਪਿੰਡ ਵਿਖੇ 10, ਬਲਾਕ ਸ਼ਾਹਕੋਟ ਵਿਖੇ 8, ਬਲਾਕ ਮਹਿਤਪੁਰ ਵਿਖੇ 6, ਬਲਾਕ ਬਿਲਗਾ ਵਿਖੇ 5, ਬਲਾਕ ਨੂਰਮਹਿਲ ਵਿਖੇ 3 ਅਤੇ ਬਲਾਕ ਫਿਲੌਰ ਵਿਖੇ ਇਕ ਕੈਂਪ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਲੋਕ ਵੱਧ ਤੋਂ ਵੱਧ ਇਨ੍ਹਾਂ ਦਾ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਲੋਂ ਸੀ.ਐਚ.ਸੀ. ਸੈਂਟਰ ਕਰਤਾਰਪੁਰ ਵਿਖੇ 27 ਸਤੰਬਰ ਨੂੰ ‘ਆਯੂਸ਼ਮਾਨ ਮੇਲਾ’ ਵੀ ਲਗਾਇਆ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਲੋਕ ਆਯੂਸ਼ਮਾਨ ਸਿਹਤ ਕਾਰਡ ਆਯੂਸ਼ਮਾਨ ਐਪ ਡਾਊਨਲੋਡ ਕਰਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲਾਭਪਾਤਰੀ ਮੋਬਾਇਲ ਫੋਨ ਰਾਹੀਂ ਪੋਰਟਲ ’ਤੇ ਸੰਪਰਕ ਕਰ ਸਕਣਗੇ ਅਤੇ ਅਧਾਰ ਕਾਰਡ ਜਾਂ ਪਰਿਵਾਰਿਕ ਪਹਿਚਾਣ ਰਾਹੀਂ ਇਹ ਜਾਣ ਸਕਦੇ ਹਨ ਕਿ ਉਹ ਸਿਹਤ ਕਾਰਡ ਲਈ ਯੋਗ ਹਨ ਜਾਂ ਨਹੀਂ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰਡ ਦੀ ਡਿਜੀਟਲ ਕਾਪੀ ਹਾਸਿਲ ਕਰਨ ਲਈ ਈ-ਕੇਵਾਈਸੀ ਪੋਰਟਲ ’ਤੇ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਪਾਸ ਪਹਿਲਾਂ ਹੀ ਕਾਰਡ ਮੌਜੂਦ ਹੈ ਉਹ ਇਸ ਐਪ ਦੀ ਵਰਤੋਂ ਕਰਕੇ ਡੁਪਲੀਕੇਟ ਕਾਪੀ ਲੈ ਸਕਦੇ ਹਨ।

