ਕਿਹਾ ਸਕੀਮ ਰਾਹੀਂ ਲੋਕ ਖ਼ਰੀਦ ਸਮੇਂ ਡੀਲਰ ਪਾਸੋਂ ਬਿੱਲ ਲੈਣ ਲਈ ਉਤਸ਼ਾਹਿਤ ਹੋਣਗੇ
ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸਕੀਮ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ
ਜਲੰਧਰ ਵਾਸੀਆਂ ਨੂੰ ਵੱਡੀ ਗਿਣਤੀ ’ਚ ਸਕੀਮ ਦਾ ਹਿੱਸਾ ਬਣਨ ਦਾ ਦਿੱਤਾ ਸੱਦਾ
ਜਲੰਧਰ, 1 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਸ਼ੁੱਕਰਵਾਰ ਨੂੰ ‘ਮੇਰਾ ਬਿੱਲ’ ਐਪ ’ਤੇ ਖੁਦ ਬਿੱਲ ਅਪਲੋਡ ਕਰਦਿਆਂ ਜਲੰਧਰ ਜ਼ਿਲ੍ਹੇ ਵਿੱਚ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੇਠਲੇ ਪੱਧਰ ਤੱਕ ਟੈਕਸ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਹ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਸਦਕਾ ਆਮ ਲੋਕਾਂ ਨੂੰ ਖ਼ਰੀਦ ਸਮੇਂ ਡੀਲਰਾਂ ਪਾਸੋਂ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ।
ਸ਼੍ਰੀ ਸਾਰੰਗਲ ਨੇ ਦੱਸਿਆ ਕਿ ਸਕੀਮ ਅਨੁਸਾਰ ਸੂਬੇ ਵਿੱਚ ਹਰੇਕ ਮਹੀਨੇ 29 ਲੱਖ ਰੁਪਏ ਤੱਕ ਦੇ 290 ਇਨਾਮ ਦਿੱਤੇ ਜਾਣਗੇ ਅਤੇ ਹਰੇਕ ਜ਼ਿਲ੍ਹੇ ਵਿੱਚ 10 ਇਨਾਮ ਦਿੱਤੇ ਜਾਣਗੇ।
ਜਲੰਧਰ ਵਾਸੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਆਪਣੇ ਫੋਨ ’ਤੇ ‘ਮੇਰਾ ਬਿੱਲ’ ਐਪ ਡਾਊਨਲੋਡ ਕਰਕੇ ਰਜਿਸਟਰ ਕਰਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਪਤਕਾਰ ‘ਮੇਰਾ ਬਿੱਲ’ ਐਪ ’ਤੇ ਖ਼ਰੀਦ ਦਾ ਬਿੱਲ ਅਪਲੋਡ ਕਰਕੇ ਲੱਕੀ ਡਰਾਅ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਬਿੱਲ ਦਾ ਘੱਟੋ-ਘੱਟ ਮੁੱਲ 200 ਰੁਪਏ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਜੀ.ਐਸ.ਟੀ. ਅਧੀਨ ਰਜਿਸਟਰਡ ਅਤੇ ਅਣ ਰਜਿਸਟਰਡ ਡੀਲਰ ਦਾ ਬਿੱਲ ਅਪਲੋਡ ਕੀਤਾ ਜਾ ਸਕਦਾ ਹੈ ਅਤੇ ਅਪਲੋਡ ਕੀਤੇ ਬਿੱਲਾਂ ਵਿੱਚੋਂ ਹਰੇਕ ਮਹੀਨੇ ਦੀ 7 ਤਰੀਕ ਨੂੰ ਲੱਕੀ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੈਟਰੋਲੀਅਮ ਉਤਪਾਦ ਅਤੇ ਸ਼ਰਾਬ ਦੇ ਵਿਕਰੀ ਬਿੱਲ ਡਰਾਅ ਲਈ ਯੋਗ ਨਹੀਂ ਹੋਣਗੇ।
ਉਨ੍ਹਾਂ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਕੀਮ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਸਕੂਲਾਂ ਵਿੱਚ ਇਸ ਸਬੰਧੀ ਜਾਗਰੂਕਤਾ ਸਰਗਰਮੀਆਂ ਕਰਵਾਈਆਂ ਜਾਣ ਤਾਂ ਜੋ ਟੈਕਸ ਕਾਨੂੰਨਾਂ ਦੀ ਪਾਲਣਾ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾ ਸਕੇ, ਜਿਸ ਨਾਲ ਟੈਕਸ ਚੋਰੀ ਦੇ ਰੁਝਾਨ ਨੂੰ ਠੱਲ਼੍ਹ ਪੈਣ ਸਦਕਾ ਸਰਕਾਰ ਦੇ ਮਾਲੀਏ ਵਿੱਚ ਵਾਧਾ ਹੋਵੇਗਾ।

