ਕਰਤਾਰਪੁਰ, 10 ਸਤੰਬਰ:(ਜਸਵੰਤ ਵਰਮਾ ) ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ, ਕਰਤਾਰਪੁਰ ਵੱਲੋਂ ਬੱਚਿਆਂ ਵਿੱਚ ਬੱਚਤ ਦੀ ਆਦਤ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਨਵੀਂ ਮੁਹਿੰਮ “ਛੋਟੀ ਬੱਚਤ, ਵੱਡਾ ਫ਼ਾਇਦਾ” ਤਹਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੈਸੇ ਦੀ ਬੱਚਤ ਕਰਨ ਅਤੇ ਇਸ ਦੇ ਫ਼ਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਅੱਜ ਸ਼੍ਰੀ ਜਗੀਰੀ ਲਾਲ ਲੂੰਬਾ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਢਿੱਲਵਾਂ ਅਤੇ ਸੰਤ ਬਾਬਾ ਓਂਕਾਰ ਨਾਥ ਸੀਨੀਅਰ ਸੈਕੰਡਰੀ ਸਕੂਲ, ਕਾਲਾ ਬਾਹੀਆਂ (ਜਲੰਧਰ) ਵਿਖੇ ਸੰਸਥਾ ਦੇ ਮਾਸਟਰ ਅਮਰੀਕ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਾਨਾ ਛੋਟੀਆਂ-ਛੋਟੀਆਂ ਬੱਚਤਾਂ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜੇਕਰ ਉਹ ਆਪਣੀ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਬੱਚਤਾਂ ਨੂੰ ਇਕੱਠਾ ਕਰਕੇ ਡਾਕਘਰਾਂ ਜਾਂ ਬੈਂਕਾਂ ਵਿੱਚ ਜਮ੍ਹਾਂ ਕਰਵਾਉਣ, ਤਾਂ ਭਵਿੱਖ ਵਿੱਚ ਲੋੜ ਪੈਣ ’ਤੇ ਇਹ ਬੱਚਤਾਂ ਉਨ੍ਹਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਬੱਚਤ ਦੀ ਆਦਤ ਪੈਦਾ ਕਰਨਾ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਜ਼ਿੰਮੇਵਾਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਵਿਦਿਆਰਥੀਆਂ ਵਿੱਚ ਪੈਸੇ ਬਚਾਉਣ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਤਹਿਤ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਗੋਲਕਾਂ ਵੀ ਵੰਡੀਆਂ ਗਈਆਂ, ਤਾਂ ਜੋ ਉਹ ਆਪਣੀ ਰੋਜ਼ਾਨਾ ਦੀ ਬੱਚਤ ਇਨ੍ਹਾਂ ਗੋਲਕਾਂ ਵਿੱਚ ਜਮ੍ਹਾਂ ਕਰ ਸਕਣ ਅਤੇ ਬੱਚਤ ਦੀ ਮਹੱਤਤਾ ਨੂੰ ਅਮਲੀ ਰੂਪ ਵਿੱਚ ਸਮਝ ਸਕਣ। ਇਸ ਮੌਕੇ ਮਾਸਟਰ ਅਮਰੀਕ ਸਿੰਘ, ਗੇਂਦੀ ਰਾਮ, ਮੈਡਮ ਕੁਲਵਿੰਦਰ ਕੌਰ, ਮੈਡਮ ਨਿਤਿਕਾ ਕਮਲ, ਮੈਡਮ ਕਮਲਜੀਤ ਸੰਧੂ, ਸਰਬਜੀਤ ਸਿੰਘ ਤੋਂ ਇਲਾਵਾ ਸਕੂਲਾਂ ਦਾ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸੰਸਥਾ ਨੇਕੀ ਦੀ ਦੁਕਾਨ ਵੱਲੋਂ “ਛੋਟੀ ਬੱਚਤ, ਵੱਡਾ ਫ਼ਾਇਦਾ” ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ ਗਿਆ।

