ਕਪੂਰਥਲਾ ( ਗੌਰਵ ਮੜੀਆ ) ਸ਼ਹੀਦ ਬਾਬਾ ਜੀਵਨ ਸਿੰਘ ਜੀ,ਧੰਨ ਧੰਨ ਬਾਬਾ ਸਾਹਿਬ ਸਿੰਘਜ ਜੀ,ਬਾਬਾ ਸਰਜਾ ਸਿੰਘ ਜੀ ਤੇ ਬਾਬਾ ਪੂਰਨ ਦਾਸ ਜੀ ਨੂੰ ਸਮਰਪਿਤ ਪਿੰਡ ਇੱਬਣ ਵਿਖੇ ਸਮੂਹ ਨਗਰ ਨਿਵਾਸੀਆਂ,ਗ੍ਰਾਮ ਪੰਚਾਇਤ,ਅਤੇ ਐਨਆਰਆਈ ਵੀਰਾ ਦੇ ਸਹਿਯੋਗ ਨਾਲ ਪਿੰਡ ਇੱਬਣ ਦੇ ਮੁੱਖ ਸਰਪ੍ਰਸਤ ਸੁਖਵਿੰਦਰ ਸਿੰਘ ਸੁੱਖਾ ਇੱਬਣ ਤੇ ਲਵਪ੍ਰੀਤ ਇੱਬਣ ਦੀ ਅਗਵਾਈ ਹੇਠ ਕਬੱਡੀ ਕੱਪ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਮੰਡਲ ਦੋਨਾਂ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ,ਨਿੱਕਾ ਨਾਗਰਾ ਆਦਿ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੋਂਸਲਾ ਅਫਜਾਈ ਕੀਤੀ।ਇਸ ਮੌਕੇ ਕਮੇਟੀ ਦੇ ਵਲੋਂ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਿਨਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਭਾਵੇਂ ਭਾਰਤ ਵਿੱਚ ਕ੍ਰਿਕਟ ਬਹੁਤ ਮਸ਼ਹੂਰ ਹੈ,ਪਰ ਇਸਦਾ ਮਤਲਬ ਇਹ ਨਹੀਂ ਕਿ ਇੱਥੇ ਹੋਰ ਖੇਡਾਂ ਨਹੀਂ ਖੇਡੀਆਂ ਜਾਂਦੀਆਂ ਜਾਂ ਕੋਈ ਹੋਰ ਖੇਡ ਪ੍ਰਸਿੱਧ ਨਹੀਂ ਹੈ।ਅਜਿਹੀਆਂ ਬਹੁਤ ਸਾਰੀਆਂ ਖੇਡਾਂ ਹਨ ਜੋ ਨਾ ਸਿਰਫ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਖੇਡੀਆਂ ਜਾਂਦੀਆਂ ਹਨ ਬਲਕਿ ਇਹ ਸਾਡੇ ਆਪਣੇ ਦੇਸ਼ ਵਿੱਚ ਵੀ ਪੈਦਾ ਹੋਈਆਂ ਹਨ।ਉਨ੍ਹਾਂਨੇ ਕਿਹਾ ਕਿ ਕਬੱਡੀ ਪੰਜਾਬੀਆਂ ਦੀ ਮਨਪਸੰਦ ਖੇਡ ਹੈ।ਇਸ ਨੂੰ ਪੰਜਾਬ ਦੀ ਮਾਂ ਖੇਡ ਵੀ ਕਿਹਾ ਜਾਂਦਾ ਹੈ।ਇਸ ਨੂੰ ਪੰਜਾਬ ਤੇ ਹਰਿਆਣਾ ਵਿੱਚ ਲੋਕ ਕਾਫੀ ਸ਼ੋਂਕ ਨਾਲ ਖੇਡ ਦੇ ਹਨ।ਜੇ ਭਾਰਤ ਤੋਂ ਇਲਾਵਾ ਗੱਲ ਕਰੀਏ ਤਾਂ ਅੱਜ ਦੁਨੀਆ ਦੇ ਹਰੇਕ ਕੋਨੇ ਵਿੱਚ ਕਬੱਡੀ ਦੀ ਪਹਿਚਾਣ ਬਣ ਗਈ ਹੈ।ਅੱਜ ਲੱਗਭਗ ਹਰੇਕ ਦੇਸ਼ ਵਿੱਚ ਕਬੱਡੀ ਖੇਡੀ ਜਾਣ ਲੱਗ ਪਈ ਹੈ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨਾਲ ਖਿਡਾਰੀ ਇਕਜੁੱਟਤਾ ਤੇ ਸਹਿਯੋਗ ਆਦਿ ਗੁਣ ਸਹਿਜੇ ਸਿੱਖ ਜਾਂਦੇ ਹਨ।ਅਨੁਸ਼ਾਸਨ ਵਿੱਚ ਰਹਿਣਾ ਖਿਡਾਰੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ,ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ ਤੇ ਮਿਲਦਾ ਹੈ।ਖੋਜੇਵਾਲ ਨੇ ਕਿਹਾ ਕਿ ਖੇਡਾਂ ਮਨ ਵਿੱਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ।ਖੇਡਾਂ ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵੀ ਵੱਧਦੀ ਹੈ।ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ।ਇਸ ਕਬੱਡੀ ਕੱਪ ਵਿੱਚ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਨੌਜਵਾਨਾਂ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਉਤਸ਼ਾਹ,ਜੋਸ਼ ਤੇ ਲਗਨ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਤੇ ਅਮਨ ਇੱਬਣ,ਮਨੀ ਇੱਬਣ,ਲਵਲੀ ਇੱਬਣ,ਬਲਦੇਵ ਸਿੰਘ ਆਦਿ ਹਾਜ਼ਰ ਸਨ।

