ਕਪੂਰਥਲਾ 15ਅਕਤੂਬਰ (ਗੌਰਵ ਮੜੀਆ ) ਦੀਵਾਲੀ ਨੂੰ ਮੱਦੇਨਜ਼ਰ ਰੱਖਦਿਆਂ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਲੋਕਾਂ ਨੂੰ ਈਕੋ ਫ੍ਰੈਂਡਲੀ ਅਤੇ ਨਸ਼ਾ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਟਾਕਿਆਂ ਦਾ ਧੂੰਆ ਸਿਹਤ ਲਈ ਹਾਨੀਕਾਰਕ ਹੈ ਇਸ ਲਈ ਇਨ੍ਹਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਘਰ ਵਿਚ ਹੀ ਬਣੀਆਂ ਮਿਠਾਈਆਂ ਅਤੇ ਫਲ ਫਰੂਟ ਦਾ ਪ੍ਰਯੋਗ ਕਰਨ ਦੀ ਸਲਾਹ ਦਿੱਤੀ । ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਣ ਦੇ ਮੱਦੇਨਜਰ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਏ ਅਤੇ ਗ੍ਰੀਨ ਦੀਵਾਲੀ ਮਨਾਈ ਜਾਵੇ। ਉਨ੍ਹਾਂ ਕਿਹਾ ਕਿ ਗਿਫਟ ਆਦਿ ਪੈਕ ਕਰਨ ਲਈ ਪਲਾਸਟਿਕ ਦੀ ਵਰਤੋਂ ਕਰਨ ਤੋਂ ਗ਼ੁਰੇਜ਼ ਕੀਤਾ ਜਾਵੇ ਕਿਉਂਕਿ ਇਹ ਪਲਾਸਟਿਕ ਰੈਪਰ ਵਾਤਾਵਰਣ ਨੂੰ ਦੂਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਪਟਾਕਿਆਂ ਦਾ ਧੂੰਆ ਸਿਹਤ ਲਈ ਵੀ ਹਾਨੀਕਾਰਕ ਹੈ ਕਿਉਂਕਿ ਇਸ ਵਿਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ ਜੋ ਸਿਹਤ ਪੱਖੋਂ ਹਾਨੀਕਾਰਕ ਹਨ।
ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਟਾਕਿਆਂ ਤੋਂ ਦੂਰ ਰਹਿਣ ਜੇਕਰ ਪਟਾਕੇ ਚਲਾਣੇ ਵੀ ਹਨ ਤਾਂ ਵੱਡਿਆਂ ਦੀ ਨਿਗਰਾਨੀ ਵਿਚ ਹੀ ਚਲਾਏ ਜਾਣ ਕਿਉਂਕਿ ਕਈ ਪਟਾਕਿਆਂ ਨਾਲ ਬਹੁਤ ਸਾਰੀਆਂ ਅਣਸੁਖਾਵੀ ਘਟਨਾਵਾਂ ਹੋ ਜਾਂਦੀਆਂ ਹਨ । ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਪਟਾਕਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਇੰਜਰੀ ਹੁੰਦੀ ਹੈ ਤਾਂ ਮਰੀਜ ਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਖੇ ਲਿਆਇਆ ਜਾਏ ਜਿੱਥੇ ਕਿ ਇਲਾਜ ਬਿਲਕੁਲ ਮੁਫਤ ਹੈ। ਇਸ ਤੋਂ ਇਲਾਵਾ ਉਨ੍ਹਾਂ ਪਟਾਕਿਆ ਨੂੰ ਚਲਾਉਣ ਵੇਲੇ ਸੂਤੀ ਕਪੜੇ ਪਾ ਕੇ ਰੱਖਣ, ਬਹੁਤ ਜਿਆਦਾ ਧਮਾਕੇ ਵਾਲੇ ਪਟਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਵਿਚ ਹੀ ਬਚਾਅ ਹੈ।

