*ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ-ਸੰਗ੍ਰਹਿ “ਕਣੀਂ” ਨੂੰ ਲੋਕ ਅਰਪਿਤ ਕੀਤਾ ਗਿਆ*
ਕਪੂਰਥਲਾ ( ਗੌਰਵ ਮੜੀਆ ) ਪੰਜਾਬੀ ਭਾਸ਼ਾ ਦੇ ਉੱਭਰ ਰਹੇ ਸ਼ਾਇਰ ਰਾਜ ਸੰਧੂ ਦੇ ਪਲੇਠੇ ਕਾਵਿ-ਸੰਗ੍ਰਹਿ “ਕਣੀ” ਦਾ ਲੋਕ ਅਰਪਣ ਸਮਾਗਮ ਕਪੂਰਥਲਾ ਜ਼ਿਲ੍ਹੇ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਹੋਇਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਡਾ. ਅਮਰਜੀਤ ਸਿੰਘ (ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ) ਸ਼ਾਮਿਲ ਹੋਏ। ਬਤੌਰ ਵਿਸ਼ੇਸ਼ ਮਹਿਮਾਨ ਡਾ. ਸੁਧਾਮਣੀ ਸੂਦ “ਚਾਂਦ” (ਮੁਖੀ ਫ਼ਾਈਨ ਆਰਟਸ ਵਿਭਾਗ, ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ), ਡਾ. ਹਰਪ੍ਰੀਤ ਸਿੰਘ (ਮੁਖੀ ਪੰਜਾਬੀ ਵਿਭਾਗ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ) ਅਤੇ ਹਰਮਿੰਦਰ ਸਿੰਘ ਵਿਰਦੀ (ਬਸੰਤ ਸੁਹੇਲ ਪਬਲੀਕੇਸ਼ਨਜ਼, ਫਗਵਾੜਾ) ਨੇ ਸ਼ਿਰਕਤ ਕੀਤੀ, ਜਦ ਕਿ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਵੀ ਸੁਸ਼ੋਭਿਤ ਹੋਏ।
ਸਮਾਗਮ ਦੀ ਸ਼ੁਰੂਆਤ ਵਿੱਚ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਭ ਦਾ ਸਵਾਗਤ ਕਰਦਿਆਂ ਇੱਕ ਗ਼ੈਰ ਰਸਮੀ ਕਵੀ-ਦਰਬਾਰ ਕਰਵਾਇਆ। ਇਸ ਕਵੀ ਦਰਬਾਰ ਵਿੱਚ ਉਸਤਾਦ ਸ਼ਾਇਰ ਸੁਰਜੀਤ ਸਾਜਨ, ਗੁਰਦੀਪ ਗਿੱਲ, ਮਲਕੀਤ ਸਿੰਘ ਮੀਤ, ਆਸ਼ੂ ਕੁਮਰਾ, ਅਵਤਾਰ ਸਿੰਘ ਅਸੀਮ, ਅਮਨ ਗਾਂਧੀ, ਜਸਵੰਤ ਸਿੰਘ ਖੰਡੂਰ ਸਾਹਿਬ, ਹਰਜਿੰਦਰ ਸਿੰਘ ਹੈਰੀ ਅਤੇ ਕੁਲਵਿੰਦਰ ਕੰਵਲ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਸਾਹਿਤਕ ਰੰਗ ਦਿੱਤਾ। ਇਸ ਉਪਰੰਤ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਸਭ ਮੈਂਬਰਾਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਸਿਰਜਣਾ ਕੇਂਦਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸਾਹਿਤਕ ਸਭਾ ਵਿੱਚ ਸਮੇਂ-ਸਮੇਂ ਉੱਤੇ ਰੂਬੁਰੂ ਸਮਾਗਮ, ਪੁਸਤਕ ਰਿਲੀਜ਼ ਸਮਾਗਮ ਅਤੇ ਹੋਰ ਸਾਹਿਤਕ ਗਤੀਵਿਧੀਆਂ ਵੀ ਹੁੰਦੀਆਂ ਰਹਿੰਦੀਆਂ ਹਨ। ਹਰਮਿੰਦਰ ਸਿੰਘ ਵਿਰਦੀ ਨੇ ਸ਼ਾਇਰ ਰਾਜ ਸੰਧੂ ਅਤੇ ਇਸ ਪੁਸਤਕ ਵਿਚਲੀ ਸ਼ਾਇਰੀ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਆਖਿਆ ਕਿ ਇੱਕ ਕਿਤਾਬ ਉਸਦੇ ਲੇਖਕ ਲਈ ਬੱਚੇ ਦੀ ਤਰ੍ਹਾਂ ਹੁੰਦੀ ਹੈ ਜਿਸਦੀ ਆਮਦ ਦਾ ਚਾਅ ਲੇਖਕ ਦੀ ਖ਼ੁਸ਼ੀ ਅਤੇ ਮਾਣ ਵਿੱਚ ਬਹੁਤ ਵਾਧਾ ਕਰਦਾ ਹੈ। ਡਾ. ਹਰਪ੍ਰੀਤ ਸਿੰਘ ਨੇ ਪੁਸਤਕ ਦੀਆਂ ਵੱਖ-ਵੱਖ ਸਾਹਿਤਕ ਪਰਤਾਂ ਬਾਰੇ ਚਰਚਾ ਛੇੜੀ।
ਉਨ੍ਹਾਂ ਆਖਿਆ ਕਿ ਇਹ ਕਿਤਾਬ ਮਨੁੱਖੀ ਸੰਵੇਦਨਾਵਾਂ ਨਾਲ ਸਰੋਕਾਰ ਰੱਖਦੀ ਹੈ। ਇਸ ਵਿਚਲੀਆਂ ਰਚਨਾਵਾਂ ਭਿੰਨ-ਭਿੰਨ ਵਿਸ਼ਿਆਂ ਨਾਲ ਸੰਬੰਧਤ ਹਨ ਜੋ ਕਿ ਪਾਠਕ ਦੇ ਮਨ ਨੂੰ ਯਕੀਨਨ ਟੁੰਬਣਗੀਆਂ। ਡਾ. ਸੁਧਾਮਣੀ ਸੂਦ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰਾਜ ਸੰਧੂ ਦੀ ਸ਼ਾਇਰੀ ਦੀ ਕੋਮਲਤਾ ਪਾਠਕਾਂ ਦੀ ਮੁਹੱਬਤ ਹਾਸਿਲ ਕਰਨ ਵਿੱਚ ਜ਼ਰੂਰ ਕਾਮਯਾਬੀ ਹਾਸਿਲ ਕਰੇਗੀ। ਇੱਕ ਸ਼ਾਇਰ ਦੀ ਸਫ਼ਲਤਾ ਇਸੇ ਵਿੱਚ ਹੈ ਕਿ ਉਹ ਪਾਠਕ ਦੇ ਦਿਲ ਦੇ ਬਹੁਤ ਨੇੜੇ ਹੋ ਕੇ ਲਿਖਦਾ ਹੈ। ਕੇਂਦਰ ਦੇ ਸਰਪ੍ਰਸਤ ਡਾ. ਆਸਾ ਸਿੰਘ ਘੁੰਮਣ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦੇ ਆਖੇ ਸ਼ਬਦਾਂ ਦੀ ਹਮਾਇਤ ਕਰਦਿਆਂ ਇਹ ਕਿਹਾ ਕਿ ਪੁਸਤਕਾਂ ਨਾਲ ਰਿਸ਼ਤਾ ਕਾਇਮ ਕਰਨਾ ਨਾ ਸਿਰਫ਼ ਗਿਆਨ ਵਿੱਚ ਵਾਧਾ ਕਰਨ ਦਾ ਇੱਕ ਸਾਧਨ ਹੈ ਸਗੋਂ ਪੁਸਤਕ ਸੱਭਿਆਚਾਰ ਨੂੰ ਹੋਰ ਵੀ ਉੱਚਾ ਚੁੱਕਣ ਦਾ ਇੱਕ ਚੰਗਾ ਕਦਮ ਗਿਣਿਆ ਜਾਂਦਾ ਹੈ। ਸਮਾਗਮ ਦੇ ਦੂਸਰੇ ਪੜਾਅ ਵਿੱਚ ਪ੍ਰਧਾਨਗੀ ਮੰਡਲ ਦੁਆਰਾ ਰਾਜ ਸੰਧੂ ਦੇ ਕਾਵਿ-ਸੰਗ੍ਰਹਿ “ਕਣੀ” ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਆਏ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਦਾ ਸ਼ਾਇਰ ਰਾਜ ਸੰਧੂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੇਂਦਰ ਦੇ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਤੇ ਵਿੱਤ ਸਕੱਤਰ ਨੂੰ ਵੀ ਰਾਜ ਸੰਧੂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ।

