ਕਿਹਾ ਕੇਂਦਰ ਸਰਕਾਰ ਪ੍ਰਤੀ ਏਕੜ ਮਿਲਣ ਵਾਲੇ ਮੁਆਵਜੇ ਵਿੱਚ ਕਰੇ ਵਾਧਾ
ਜਲਾਲਾਬਾਦ 31 ਅਗਸਤ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਮੰਤਰੀਆਂ ਨੂੰ ਗਰਾਊਂਡ ਜ਼ੀਰੋ ਤੇ ਰਹਿਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਅੱਜ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਲਗਾਤਾਰ ਦੂਜੇ ਦਿਨ ਫਾਜ਼ਿਲਕਾ ਜ਼ਿਲੇ ਤੇ ਦੌਰੇ ਤੇ ਪਹੁੰਚੇ। ਇਸ ਦੌਰਾਨ ਉਨਾਂ ਨੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਢਾਣੀ ਬਚਨ ਸਿੰਘ, ਅਤੂ ਵਾਲਾ ਅਤੇ ਢਾਣੀ ਨੱਥਾ ਸਿੰਘ ਦਾ ਦੌਰਾ ਕੀਤਾ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੀ ਉਹਨਾਂ ਦੇ ਨਾਲ ਰਹੇ ।

ਇਸ ਦੌਰਾਨ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਡੱਟ ਕੇ ਲੋਕਾਂ ਦੇ ਨਾਲ ਖੜੀ ਹੈ ਅਤੇ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਮੁਆਵਜ਼ਾ ਨੀਤੀ ਕੇਂਦਰ ਸਰਕਾਰ ਨਿਰਧਾਰਿਤ ਕਰਦੀ ਹੈ ਅਤੇ ਲਗਾਤਾਰ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਪ੍ਰਤੀ ਏਕੜ ਮਿਲਣ ਵਾਲੇ ਮੁਆਵਜ਼ੇ ਨੂੰ ਵਧਾ ਕੇ 25 ਹਜਾਰ ਰੁਪਏ ਕੀਤਾ ਜਾਵੇ।

ਉਨਾਂ ਕਿਹਾ ਸੂਬਾ ਸਰਕਾਰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੜ ਪ੍ਰਭਾਵਿਤ ਲੋਕਾਂ ਨੂੰ ਹਰ ਪ੍ਰਕਾਰ ਦੀ ਫੌਰੀ ਮਦਦ ਮੁਹਈਆ ਕਰਵਾ ਰਹੀ ਹੈ। ਉਹਨਾਂ ਨੇ ਆਖਿਆ ਕਿ ਪਿੰਡਾਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਕਿੱਟਾਂ, ਜਾਨਵਰਾਂ ਲਈ ਕੈਟਲ ਫੀਡ ਅਤੇ ਚਾਰਾ ਭੇਜਿਆ ਜਾ ਰਿਹਾ ਹੈ। ਇਸ ਮੌਕੇ ਉਨਾਂ ਨੇ ਮੌਕੇ ਤੇ ਹੀ ਜਾਨਵਰਾਂ ਲਈ ਮੱਕੀ ਦਾ ਆਚਾਰ ਅਤੇ ਕੈਟਲ ਫੀਡ ਦੀ ਵੰਡ ਕਰਵਾਈ। ਇਸ ਮੌਕੇ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪ੍ਰਸ਼ਾਸਨ ਦੇ ਮਾਰਫਤ ਹਰ ਪ੍ਰਭਾਵਿਤ ਵਿਅਕਤੀ ਤੱਕ ਰਾਹਤ ਪਹੁੰਚਾਉਣ ਲਈ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਪੀੜਿਤ ਰਾਹਤ ਤੋਂ ਵਾਂਝਾ ਨਾ ਰਹੇ