– ਨੰਗਲ ਸੋਹਲ ਵਿੱਚੋਂ ਸਵਾ ਮਹੀਨੇ ਦੇ ਬੱਚੇ ਨੂੰ ਪਰਿਵਾਰ ਸਮੇਤ ਕੀਤਾ ਰੈਸਕਿਊ
– ਡਰੋਨ ਦੀ ਸਹਾਇਤਾ ਨਾਲ ਕੀਤੀ ਜਾ ਰਹੀ ਹੈ ਲੋੜਵੰਦਾਂ ਤੱਕ ਪਹੁੰਚ
ਅੰਮ੍ਰਿਤਸਰ, 28 ਅਗਸਤ : ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਅਜਨਾਲਾ ਦੇ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਹੜ ਪੀੜਤਾਂ ਦੀ ਮਦਦ ਵਿੱਚ ਦਿਲ ਖੋਲ ਕੇ ਕੰਮ ਕਰ ਰਹੀ ਸੰਸਥਾ ਰੈਡ ਕਰਾਸ ਅੰਮ੍ਰਿਤਸਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ। ਅੱਜ ਰੈਡ ਕਰਾਸ ਦੇ ਚੇਅਰ ਪਰਸਨ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ ਇਹ ਚੈੱਕ ਸੌਂਪਦੇ ਹੋਏ ਸ ਧਾਲੀਵਾਲ ਨੇ ਕਿਹਾ ਕਿ ਰੈਡ ਕਰਾਸ ਹਰ ਸੰਕਟ ਵੇਲੇ ਜ਼ਿਲ੍ਹਾ ਵਾਸੀਆਂ ਨਾਲ ਖੜਦਾ ਹੈ ਅਤੇ ਹੁਣ ਵੀ ਰੈਡ ਕਰਾਸ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਿਲ ਖੋਲ ਕੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਰੈਡ ਕਰਾਸ ਅੰਮ੍ਰਿਤਸਰ ਦੇ ਵਲੰਟੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਜੋ ਕਿ ਅਜਨਾਲਾ ਵਾਸੀਆਂ ਦੀ ਸਹਾਇਤਾ ਲਈ ਕੰਮ ਕਰ ਰਹੇ ਹਨ। ਉਹਨਾਂ ਨੇ ਹੌਸਲਾ ਅਫਜਾਈ ਵਜੋਂ ਰੈਡ ਕਰਾਸ ਅੰਮ੍ਰਿਤਸਰ ਨੂੰ ਆਪਣੇ ਨਿੱਜੀ ਖਾਤੇ ਵਿੱਚੋਂ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਰੈਡ ਕਰਾਸ ਦੀ ਸਹਾਇਤਾ ਲਈ ਖੜੇ ਹਨ।
ਇਸੇ ਦੌਰਾਨ ਸ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਉਹ ਪਿੰਡ ਜਿਹੜੇ ਕਿ ਪਾਣੀ ਵਿੱਚ ਘਿਰੇ ਹਨ, ਦੇ ਲੋਕਾਂ ਨਾਲ ਕਿਸ਼ਤੀ ਤੇ ਜਾ ਕੇ ਰਾਬਤਾ ਬਣਾਇਆ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਹਨਾਂ ਨੇ ਲੋਕਾਂ ਨੂੰ ਸੁਰੱਖਿਆ ਸਥਾਨਾਂ ਉੱਤੇ ਆਉਣ ਲਈ ਵੀ ਪ੍ਰੇਰਿਆ ਅਤੇ ਜਿਹੜੇ ਲੋਕ ਉੱਥੇ ਰਹਿਣਾ ਚਾਹੁੰਦੇ ਸਨ, ਉਹਨਾਂ ਦੀਆਂ ਲੋੜਾਂ ਦਾ ਵੇਰਵਾ ਲੈ ਕੇ ਉਹਨਾਂ ਤੱਕ ਪੁੱਜਦੀਆਂ ਕੀਤੀਆਂ। ਪਿੰਡ ਨੰਗਲ ਸੋਹਲ ਵਿਖੇ ਉਨਾਂ ਨੇ ਪਾਣੀ ਵਿੱਚ ਘਿਰੇ ਪਰਿਵਾਰ ਨੂੰ ਸੁਰੱਖਿਤ ਸਥਾਨ ਉੱਤੇ ਲਿਆਂਦਾ, ਜਿਸ ਵਿੱਚ ਵਿੱਚ ਸਵਾ ਮਹੀਨੇ ਦਾ ਇੱਕ ਬੱਚਾ ਵੀ ਸ਼ਾਮਿਲ ਸੀ।
ਉਹਨਾਂ ਨੇ ਦੱਸਿਆ ਕਿ ਅਸੀਂ ਹੁਣ ਡਰੋਨ ਜ਼ਰੀਏ ਵੀ ਸਾਰੇ ਇਲਾਕੇ ਦੀ ਜਾਂਚ ਕਰ ਰਹੇ ਹਾਂ ਤੇ ਜਿੱਥੇ ਵੀ ਕੋਈ ਲੋੜਵੰਦ ਹੋਇਆ ਉਸ ਨੂੰ ਸੁਰੱਖਿਤ ਸਥਾਨ ਉੱਤੇ ਲਿਆਂਦਾ ਜਾ ਸਕੇ ਅਤੇ ਡਰੋਨ ਜ਼ਰੀਏ ਹੀ ਲੋਕਾਂ ਤੱਕ ਪਾਣੀ ਅਤੇ ਹੋਰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।