ਅਗਲੇ 20 ਘੰਟਿਆਂ ਵਿੱਚ ਘੱਗਰ ਵਿਚਲੇ ਪਾਣੀ ਦਾ ਪੱਧਰ ਹੋਰ ਘਟੇਗਾ
*ਜ਼ਿਲ੍ਹੇ ਦੇ ਪਿੰਡ ਸਤੌਜ, ਹਰਿਆਊ, ਡਸਕਾ ਤੇ ਸੰਗਤਪੁਰਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਰਗਰਮ
*ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਲੋਕਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਆਧਾਰ ਉੱਤੇ ਮਿਲੇਗਾ ਢੁਕਵਾਂ ਮੁਆਵਜ਼ਾ
*ਡਰੇਨਾਂ ਤੇ ਸੂਇਆਂ ਵਿੱਚ ਪਏ 18 ਪਾੜਾਂ ਵਿੱਚੋਂ 12 ਨੂੰ ਕੀਤਾ ਬੰਦ, ਬਾਕੀ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ
*ਕੈਬਨਿਟ ਮੰਤਰੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਸੰਗਰੂਰ, 28 ਅਗਸਤ : ਵਿੱਤ ਮੰਤਰੀ, ਪੰਜਾਬ ਸ. ਹਰਪਾਲ ਸਿੰਘ ਚੀਮਾ ਨੇ ਭਾਰੀ ਬਰਸਾਤ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲ੍ਹੇ ਵਿੱਚ ਘੱਗਰ ਦਰਿਆ ਸਬੰਧੀ ਹਾਲਾਤ ਕਾਬੂ ਵਿੱਚ ਹਨ। ਇਸ ਵੇਲੇ ਘੱਗਰ ਵਿੱਚ ਪਾਣੀ ਦਾ ਪੱਧਰ ਪੱਧਰ 744.3 ਫੁੱਟ ਹੈ ਜਦਕਿ ਖ਼ਤਰੇ ਦਾ ਨਿਸ਼ਾਨ 748 ਫੁੱਟ ‘ਤੇ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਘੱਗਰ ਵਿੱਚ ਆਉਣ ਵਾਲੇ ਪਾਣੀ ਦਾ ਵਹਾਅ ਪਿੱਛੇ ਘਟ ਗਿਆ ਹੈ ਤੇ ਅਗਲੇ 20 ਘੰਟਿਆਂ ਵਿੱਚ ਘੱਗਰ ਵਿਚਲੇ ਪਾਣੀ ਦਾ ਪੱਧਰ ਹੋਰ ਵੀ ਘਟੇਗਾ। ਇਸ ਕਰ ਕੇ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ।
ਸ. ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸਤੌਜ, ਹਰਿਆਊ, ਡਸਕਾ ਤੇ ਸੰਗਤਪੁਰਾ, ਜਿਨ੍ਹਾਂ ਵਿੱਚ ਭਾਰੀ ਮੀਂਹ ਕਾਰਨ ਦਿੱਕਤਾਂ ਆਈਆਂ ਹਨ, ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਰਗਰਮ ਹਨ। ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਲੋਕਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਆਧਾਰ ਉੱਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਕਾਰਵਾਈ ਜਾਰੀ ਹੈ। ਸ. ਚੀਮਾ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਕਾਰਨ ਜ਼ਿਲ੍ਹੇ ਵਿਚਲੀਆਂ ਡਰੇਨਾਂ ਤੇ ਸੂਇਆਂ ਵਿੱਚ ਪਏ 18 ਪਾੜਾਂ ਵਿੱਚੋਂ 12 ਨੂੰ ਬੰਦ ਕੀਤਾ ਜਾ ਚੁੱਕਿਆ ਹੈ ਤੇ ਬਾਕੀ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।

ਪੰਜਾਬ ਸਰਕਾਰ ਵੱਲੋਂ ਜਲ ਨਿਕਾਸੀ ਸਾਧਨਾਂ ਦੀ ਸਫ਼ਾਈ ਲਈ ਕਰੀਬ 03 ਕਰੋੜ 73 ਲੱਖ ਰੁਪਏ ਜਾਰੀ ਕੀਤੇ ਗਏ ਸਨ ਤੇ ਜੂਨ ਮਹੀਨੇ ਤਕ ਸਫਾਈ ਕਾਰਜ ਮੁਕੰਮਲ ਵੀ ਕਰ ਲਏ ਗਏ ਸਨ। ਪਰ ਪਹਾੜੀ ਰਾਜਾਂ ਵਿੱਚ ਹੋਈ ਬਹੁਤ ਜ਼ਿਆਦਾ ਬਰਸਾਤ ਤੇ ਸਥਾਨਕ ਪੱਧਰ ਉੱਤੇ ਹੋਈ ਭਾਰੀ ਬਰਸਾਤ ਕਾਰਨ ਬੂਟੀ ਮੈਦਾਨੀ ਇਲਾਕਿਆਂ ਦੇ ਨਿਕਾਸੀ ਸਾਧਨਾਂ ਵਿੱਚ ਆ ਫਸੀ, ਜਿਸ ਕਾਰਨ ਦਿੱਕਤ ਆਈ ਹੈ। ਇਸ ਮੁਸ਼ਕਲ ਦੇ ਹੱਲ ਲਈ ਮਸ਼ੀਨੀ ਲਗਾਤਾਰ ਚੱਲ ਰਹੀਆਂ ਹਨ ਤੇ ਬੂਟੀ ਕੱਢਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।
ਇਸ ਤੋਂ ਪਹਿਲਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ. ਚੀਮਾ ਨੇ ਜਿੱਥੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ, ਉੱਥੇ ਜਲ ਸਰੋਤਾਂ ਅਤੇ ਜਲ ਨਿਕਾਸੀ ਦੀ ਸਾਧਨਾਂ ਦੀ ਸਾਫ ਸਫਾਈ ਤੇ ਮਜ਼ਬੂਤੀ ਸਬੰਧੀ ਕਾਰਜਾਂ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਮੁਤਾਬਕ ਕਾਰਵਾਈ ਕੀਤੇ ਜਾਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਲਗਾਤਾਰ ਫੀਲਡ ਵਿੱਚ ਜਾ ਕੇ ਸਥਿਤੀ ਉੱਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰੀ ਮੀਂਹ ਕਾਰਨ ਨਕਸਾਨੇ ਸਕੂਲਾਂ, ਸਿਹਤ ਸੰਸਥਾਵਾਂ ਅਤੇ ਵੱਖ ਵੱਖ ਸਰਕਾਰੀ ਇਮਾਰਤਾਂ ਬਾਬਤ ਵੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਅੱਗੇ ਤੋਂ ਬੁਨਿਆਦੀ ਢਾਂਚੇ ਸਬੰਧੀ ਜਿਹੜੇ ਵੀ ਵਿਕਾਸ ਕਾਰਜ ਹੋਣੇ ਹਨ, ਉਨ੍ਹਾਂ ਬਾਬਤ ਪਾਣੀ ਦੀ ਨਿਕਾਸੀ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ।ਸੜਕਾਂ ਦੇ ਨਿਰਮਾਣ ਦੌਰਾਨ ਪਾਣੀ ਦੇ ਵਹਾਅ ਲਈ ਪਾਈਪਾਂ ਦੱਬੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਜੇਕਰ ਕੋਈ ਸੂਆ ਉੱਚਾ ਕਰ ਕੇ ਬਣਦਾ ਹੈ ਤਾਂ ਉਸ ਦੇ ਥੱਲਿਓਂ ਬਰਸਾਤੀ ਪਾਣੀ ਲੰਘਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ।
ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਪਾਣੀ ਲਗਾਤਾਰ ਖੜ੍ਹਾ ਰਿਹਾ ਹੈ ਜਾਂ ਹਾਲੇ ਵੀ ਖੜ੍ਹਾ ਹੈ, ਉੱਥੇ ਵਿਸ਼ੇਸ਼ ਮੈਡੀਕਲ ਮੋਬਾਈਲ ਵੈਨਜ਼ ਭੇਜੀਆਂ ਜਾਣ ਤਾਂ ਜੋ ਲੋਕਾਂ ਨੂੰ ਸਿਹਤ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਪੰਜਾਬ ਸਰਕਾਰ ਹਰ ਹਾਲ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ। ਲੋਕਾਂ ਨੂੰ ਦਰਪੇਸ਼ ਦਿੱਕਤਾਂ ਦੂਰ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਕਾਰਜਾਂ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ। ਸ. ਚੀਮਾ ਨੇ ਦੱਸਿਆ ਕਿ ਹੜਤਾਲ ‘ਤੇ ਚੱਲ ਰਹੇ ਸੀਵਰੇਜ ਕਰਮਚਾਰੀਆਂ ਨਾਲ ਵੀ ਗੱਲਬਾਤ ਜਾਰੀ ਹੈ ਤੇ ਐਮਰਜੈਂਸੀ ਸੇਵਾਵਾਂ ਬਹਾਲ ਹਨ।
ਇਸ ਮੌਕੇ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ, ਕੈਬਨਿਟ ਮੰਤਰੀ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

