ਆਰਮੀ, ਬੀ.ਐੱਸ.ਐਫ. ਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਦਿਨ ਰਾਤ ਹੜ੍ਹ ਪ੍ਰਭਾਵਿਤਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
ਹੜ੍ਹਾਂ ਸਬੰਧੀ ਜਾਣਕਾਰੀ ਲਈ ਕੰਟਰੋਲ ਰੂਮ ਦੇ ਨੰਬਰ 01632-244017 ’ਤੇ ਕੀਤਾ ਜਾ ਸਕਦਾ ਹੈ ਸੰਪਰਕ
***
ਫਿਰੋਜ਼ਪੁਰ: ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਸਤਲੁਜ ਦਰਿਆ ਨਾਲ ਲੱਗਦੇ ਹੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਨਾਲ ਮੁਸਤੈਦ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 12 ਰਾਹਤ ਕੈਂਪ ਬਣਾਏ ਗਏ ਹਨ ਜਿੱਥੇ ਲਗਭਗ 2000 ਲੋਕਾਂ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਹੈ ਅਤੇ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਐਂਬੂਲੈਂਸ ਵੀ ਤੈਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਮੈਡੀਕਲ ਕੈਂਪ ਲੱਗੇ ਹੋਏ ਹਨ। ਆਰਮੀ, ਬੀ. ਐੱਸ.ਐਫ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਦਿਨ ਰਾਤ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਕੰਮ ਕਰ ਰਹੀਆਂ ਹਨ ਅਤੇ ਹੜ੍ਹ ਪ੍ਰਭਾਵਿਤਾਂ ਨੂੰ ਸੁਰੱਖਿਅਤ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ।
ਜ਼ਿਲ੍ਹੇ ਅੰਦਰ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ ਹੈ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਗੁਰੂਦੁਆਰਾ ਸਾਹਿਬ ਪਿੰਡ ਬੱਗੇ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਬਾਰੇ ਕੇ, ਸਰਕਾਰੀ ਹਾਈ ਸਕੂਲ ਦੁਲਚੀ ਕੇ, ਫੱਤੇ ਵਾਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗੇ ਵਾਲਾ, ਫਤਿਹਗੜ੍ਹ ਸਭਰਾਂ, ਦੋਨਾ ਮੱਤੜ, ਮਾਦੀ ਕੇ ਸਮੇਤ ਕੁੱਲ 12 ਰਾਹਤ ਕੈਂਪ ਬਣਾਏ ਗਏ ਹਨ। ਇਨ੍ਹਾਂ ਕੈਂਪਾਂ ਵਿੱਚ ਖਾਣੇ ਤੋਂ ਇਲਾਵਾ ਸੋਣ ਲਈ ਗੱਦੇ, ਸੁੱਕਾ ਰਾਸ਼ਨ, ਬਿਸਕੁਟ ਅਤੇ ਛੋਟੇ ਬੱਚਿਆਂ ਦੇ ਲਈ ਦੁੱਧ ਤੋਂ ਇਲਾਵਾ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰਮੀ ਬੀ.ਐੱਸ.ਐਫ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤੈਨਾਤ ਹਨ ਅਤੇ ਕਿਸ਼ਤੀਆਂ ਅਤੇ ਹੋਰ ਸਾਧਨਾਂ ਰਾਹੀਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਪਸ਼ੂਆਂ ਸਮੇਤ ਉਨ੍ਹਾਂ ਨੂੰ ਬਾਹਰ ਸੁਰੱਖਿਅਤ ਟਿਕਾਣਿਆ ਤੇ ਪਹੁੰਚਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਸਮੂਹ ਐਸ.ਡੀ.ਐਮ. ਨੂੰ ਨਿਰਦੇਸ਼ ਦਿੱਤੇ ਗਏ ਹਨ ਜਿੱਥੇ ਕਿਤੇ ਖਾਣੇ ਦੀ ਜਰੂਰਤ ਹੋਵੇ ਉੱਥੇ ਖਾਣੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਫੂਡ ਪੈਕਟ ਨਾਲ ਦੀ ਨਾਲ ਤਿਆਰ ਰੱਖੇ ਜਾਣ। ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤੁਰੰਤ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ। ਹੜ੍ਹ ਪ੍ਰਭਾਵਿੱਤ ਪਿੰਡ ਦੇ ਵਿੱਚ ਰਾਸ਼ਨ ਤੇ ਪਾਣੀ ਦੀਆਂ ਬੋਤਲਾਂ ਦੀ ਵਿਵਸਥਾ ਵੀ ਕੀਤੀ ਗਈ ਹੈ ਅਤੇ ਸੁਕਾ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਵੇਰ ਦੇ ਸਮੇਂ ਟੇਂਡੀਵਾਲਾ, ਕਾਲੂ ਵਾਲ, ਹਬੀਬ ਕੇ ਬੰਨ੍ਹ, ਨਿਹਾਲਾ ਲਵੇਰਾ, ਨਿਹਾਲਾ ਕਿਲਚਾ ਸਮੇਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਖੁਦ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਖੁਦ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਜਿੱਥੇ ਕਿੱਤੇ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਪ ਕਿਸ਼ਤੀਆਂ ਨਾ ਚਲਾਉਣ ਪਾਣੀ ਦਾ ਬਹਾਅ ਤੇਜ਼ ਹੈ ਇਸ ਲਈ ਰੈਸਕਿਊ ਟੀਮਾਂ ਦੀ ਮੱਦਦ ਲਈ ਜਾਵੇ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਹੜ੍ਹਾਂ ਸਬੰਧੀ ਹੰਗਾਮੀ ਸਥਿਤੀ ਵਿੱਚ ਕੰਟਰੋਲ ਰੂਮ ਦੇ ਨੰ: 01632-244017 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਰਾਬਤਾ ਕੀਤਾ ਜਾ ਸਕਦਾ ਹੈ।