ਕਪੂਰਥਲਾ 15 ਜੂਨ( ਗੌਰਵ ਮੜੀਆ) ਫਗਵਾੜਾ ਦੇ ਰਿਹਾਣਾ ਜੱਟਾਂ ਵਿਖੇ ਹੋਈ ਬੈਂਕ ਡਕੈਤੀ ਸਬੰਧੀ ਹੁਣ ਤੱਕ 3 ਦੋਸ਼ੀਆਂ ਨੂੰ ਕਾਬੂ ਕਰਕੇ ਲੁੱਟੇ ਗਏ 28 ਲੱਖ 67 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ । ਉਕਤ ਜਾਣਕਾਰੀ ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਿਲ 2 ਦੋਸ਼ੀਆਂ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਕਾਬੂ ਕੀਤਾ ਗਿਆ ਹੈ । ਇਸ ਵਾਰਦਾਤ ਵਿਚ ਵਰਤੀ ਗਈ ਵਰਨਾ ਕਾਰ, ਇਨੋਵਾ, 2 ਪਿਸਟਲ 32 ਬੋਰ, 2 ਜ਼ਿੰਦਾ ਕਾਰਤੂਸ ਤੇ ਲੁੱਟ ਦੀ 28 ਲੱਖ 67 ਹਜ਼ਾਰ ਰੁਪਏ ਬਰਾਮਦ ਕਰਕੇ ਕੇਸ ਨੂੰ ਸੁਲਝਾ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ 30 ਮਈ ਨੂੰ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਐਚ.ਡੀ.ਐਫ.ਸੀ ਬੈਂਕ ਰਿਹਾਣਾ ਜੱਟਾਂ ਵਿਖੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ਦੇ ਸਬੰਧ ਵਿੱਚ ਥਾਣਾ ਰਾਵਲਪਿੰਡੀ ਵਿਖੇ ਮੁਕੱਦਮਾ ਨੰਬਰ 45 ਮਿਤੀ 30.05.2025 ਅ/ਧ 309(4) ਬੀ.ਐਨ.ਐਸ ਵਾਧਾ ਜੁਰਮ 317(2) ਬੀ.ਐਨ.ਐਸ, 25
ਅਸਲਾ ਐਕਟ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਵਿਖੇ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਲਈ ਪ੍ਰਭਜੋਤ ਸਿੰਘ ਵਿਰਕ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਹਨਾਂ ਦੀ ਨਿਗਰਾਨੀ ਵਿੱਚ ਭਾਰਤ ਭੂਸ਼ਣ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਪਰਮਿੰਦਰ ਸਿੰਘ ਉੱਪ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਕਪੂਰਥਲਾ ਅਤੇ ਐਸ.ਆਈ. ਮੇਜਰ ਸਿੰਘ ਮੁੱਖ ਅਫਸਰ ਥਾਣਾ ਰਾਵਲਪਿੰਡੀ ਦੀਆਂ ਟੀਮਾਂ ਗਠਿਤ ਕਰਕੇ ਮੁਕੱਦਮਾ ਨੂੰ ਹਰ ਐਂਗਲ ਤੋਂ ਟੈਕਨੀਕਲ ਢੰਗ ਨਾਲ ਟਰੇਸ ਕਰਦੇ ਹੋਏ ਮੁਕੱਦਮਾ ਵਿੱਚ ਗੁਰਮਿੰਦਰ ਸਿੰਘ ਵਾਸੀ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਮਿਤੀ 07.06.2025 ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚੋਂ ਬੈਂਕ ਤੋਂ ਲੁੱਟ ਕੀਤੀ ਗਈ ਰਕਮ ਵਿੱਚੋਂ 13 ਲੱਖ 10 ਹਜਾਰ ਰੁਪਏ ਅਤੇ ਇੱਕ ਦੇਸੀ ਪਿਸਟਲ 32 ਬੋਰ ਸਮੇਤ 02 ਜਿੰਦਾ ਰੌਂਦ ਬ੍ਰਾਮਦ ਕੀਤਾ ਗਿਆ।
ਉਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਨਵਜੋਤ ਸਿੰਘ ਵਾਸੀ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਜੋਰਾਵਰ ਸਿੰਘ ਸੋਢੀ ਵਾਸੀ ਧਾਲੀਵਾਲ ਕਾਦੀਆਂ ਜਿਲ੍ਹਾ ਜਲੰਧਰ ਦਿਹਾਤੀ ਨੂੰ ਉਕਤ ਮੁਕੱਦਮਾ ਵਿੱਚ ਨਾਮਜਦ ਕਰਕੇ ਇਹਨਾਂ ਨੂੰ ਮਥੁਰਾ (ਉੱਤਰ ਪ੍ਰਦੇਸ਼) ਤੋਂ ਕਾਰ ਇਨੋਵਾ ਕਰਿਸਟਾ ਰੰਗ ਚਿੱਟਾ ਨੰਬਰੀ PB 08 FB 0039 ਸਮੇਤ ਕਾਬੂ ਕੀਤਾ ਅਤੇ ਲੁੱਟ ਦੀ ਰਾਸ਼ੀ ਦੇ 2,02,000/-ਰੁਪਏ ਨਗਦ ਬ੍ਰਾਮਦ ਕੀਤੇ ਗਏ । ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਵਾਰਦਾਤ ਵਿੱਚ ਵਰਤੀ ਗਈ ਕਾਰ ਵਰਨਾ ਬਿਨਾ ਨੰਬਰੀ ਅਤੇ ਲੁੱਟ ਖੋਹ ਕੀਤੀ ਗਈ ਰਕਮ ਵਿੱਚੋਂ 13 ਲੱਖ 55 ਹਜਾਰ ਰੁਪਏ ਅਤੇ 01 ਪਿਸਟਲ 32 ਬੋਰ ਬ੍ਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਕੀਤੀ ਗਈ ਤਫਤੀਸ਼ ਦੌਰਾਨ ਕੁੱਲ 28 ਲੱਖ 67 ਹਜਾਰ ਰੁਪਏ, 02 ਪਿਸਟਲ 32 ਬੋਰ ਸਮੇਤ 02 ਜਿੰਦਾ ਰੌਂਦ,ਲੁੱਟ ਵਿੱਚ ਵਰਤੀ ਗਈ ਕਾਰ ਵਰਨਾ ਰੰਗ ਚਿੱਟਾ ਬਿਨ੍ਹਾ ਨੰਬਰੀ ਅਤੇ ਕਾਰ ਇਨੋਵਾ ਕਰਿਸਟਾ ਰੰਗ ਚਿੱਟਾ ਨੰਬਰੀ PB 08 FB 0039 ਬ੍ਰਾਮਦ ਕੀਤੇ ਜਾ ਚੁੱਕੇ ਹਨ। ਹੁਣ ਤੱਕ ਕੀਤੀ ਗਈ ਤਫਤੀਸ਼ ਅਤੇ ਪੁੱਛਗਿੱਛ ਤੋਂ ਗੁਰਮਿੰਦਰ ਸਿੰਘ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਕਾਹਲਵਾਂ ਥਾਣਾ ਕਰਤਾਰਪੁਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮਾਸਟਰ ਮਾਈਂਡ ਮੰਨਿਆ ਗਿਆ ਹੈ ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਪਲੈਨ ਕੀਤਾ ਅਤੇ ਅੰਜਾਮ ਦਿੱਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।

