ਹਰੇਕ ਵਿਅਕਤੀ ਨੂੰ ਸਮਝਣਾ ਪਵੇਗਾ ਕਿ ਵਾਤਾਵਰਨ ਸਾਫ਼ ਰਹੇਗਾ,ਤਾਂ ਹੀ ਇਸ ਧਰਤੀ ਤੇ ਜੀਵਨ ਸੰਭਵ ਹੈ-ਖੋਜੇਵਾਲ
ਕਪੂਰਥਲਾ 5 ਜੂਨ (ਗੌਰਵ ਮੜੀਆ) ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਖਾਸ ਮਕਸਦ ਹੈ ਵਾਤਵਰਨ ਦੀ ਹਿਫਾਜ਼ਤ ਕਰਨਾ।ਦੁਨੀਆ ਭਰ ਚ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਪਿੰਡ ਧਾਰੀਵਾਲ ਦੋਨਾਂ ਵਿਖੇ ਬੂਟੇ ਲਗਾਉਣ ਦੇ ਮੌਕੇ ਤੇ ਕਹੀ।ਉਨ੍ਹਾਂਨੇ ਕਿਹਾ ਕਿ ਕਹਾਵਤ ਹੈ ਕਿ ਜੇਕਰ ਤੁਸੀਂ ਕੁਦਰਤ ਨਾਲ ਪਿਆਰ ਕਰੋਗੇ ਤਾਂ ਉਹ ਆਪਣੇ ਅਨੰਤ ਵਸੀਲਿਆਂ ਰਾਹੀਂ ਤੁਹਾਡੀ ਰੱਖਿਆ ਕਰੇਗੀ।ਆਧੁਨਿਕ ਯੁੱਗ ਚ ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਹੈ।ਉਸ ਦੇ ਵਸੀਲਿਆਂ ਦੀ ਗ਼ਲਤ ਤਰੀਕੇ ਨਾਲ ਵਰਤੋਂ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ,ਅਸੀਂ ਜੀਵਨ ਦੇਣ ਵਾਲੇ ਦਰੱਖਤਾਂ ਨੂੰ ਆਪਣੀ ਸਹੂਲਤ ਲਈ ਨਸ਼ਟ ਕੀਤਾ ਹੈ।ਉਨ੍ਹਾਂਨੇ ਕਿਹਾ ਕਿ ਵਾਤਾਵਰਨ ਨੂੰ ਸੁਧਾਰਨ ਹੇਤੂ ਇਹ ਦਿਨ ਮਹੱਤਵਪੂਰਨ ਹੈ ਜਿਸ ਵਿਚ ਪੂਰਾ ਵਿਸ਼ਵ ਰਸਤੇ ਚ ਖੜ੍ਹੀਆਂ ਚੁਣੌਤੀਆਂ ਨੂੰ ਹਲ ਕਰਨ ਦਾ ਰਾਹ ਕੱਢਦਾ ਹੈ।
ਉਨ੍ਹਾਂਨੇ ਕਿਹਾ ਕਿ ਦਰੱਖਤਾਂ ਨੂੰ ਆਪਣੀ ਸਹੂਲਤ ਲਈ ਨਸ਼ਟ ਨਹੀਂ ਕਰਨਾ ਚਾਹੀਦਾ ਬਲਕਿ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਧਰਤੀ ਹਰੀ-ਭਰੀ ਰਹੇ।ਆਧੁਨਿਕ ਸਮੇਂ ਚ ਸਨਅਤੀਕਰਨ ਨੇ ਕਾਰਬਨ ਨਿਕਾਸੀ ਦੀ ਮਾਤਰਾ ਕਈ ਗੁਣਾ ਵਧਾਈ ਹੈ।ਕਾਰਬਨ ਤੋਂ ਪੈਦਾ ਹੋਏ ਪ੍ਰਦੂਸ਼ਣ ਨੂੰ ਉਦੋਂ ਘਟਾਇਆ ਜਾ ਸਕਦਾ ਹੈ ਜਦੋਂ ਅਸੀਂ ਖ਼ੂਬ ਬੂਟੇ ਲਗਾਈਏ। ਉਨ੍ਹਾਂਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਨੂੰ ਉਦੋਂ ਹੀ ਸਫ਼ਲ ਬਣਾਇਆ ਜਾ ਸਕਦਾ ਹੈ ਜਦੋਂ ਅਸੀਂ ਵਾਤਾਵਰਨ ਪ੍ਰਤੀ ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਾਂਗੇ।ਹਰੇਕ ਵਿਅਕਤੀ ਨੂੰ ਇਹ ਸਮਝਣਾ ਪਵੇਗਾ ਕਿ ਜਦੋਂ ਵਾਤਾਵਰਨ ਸਾਫ਼ ਰਹੇਗਾ,ਉਦੋਂ ਹੀ ਇਸ ਧਰਤੀ ਤੇ ਜੀਵਨ ਸੰਭਵ ਹੈ।ਇਸ ਮੌਕੇ ਅਸ਼ਵਨੀ ਤੁਲੀ,ਕਪੂਰ ਚੰਦ ਥਾਪਰ,ਸੰਨੀ ਬੈਂਸ,ਜਗਜੀਤ ਸਿੰਘ ਜੱਗੀ ਧਾਲੀਵਾਲ,ਪੰਚ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।

