ਕਪੂਰਥਲਾ 23 ਅਪ੍ਰੈਲ( ਗੌਰਵ ਮੜੀਆ) ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਵਿਅਕਤੀਆਂ ਦੀ ਮੌਤ ਅਤੇ ਪੱਛਮੀ ਬੰਗਾਲ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਹਿੰਦੂਆਂ ਤੇ ਹੋ ਰਹੇ ਅੱਤਿਆਚਾਰਾਂ ਤੋਂ ਗੁੱਸੇ ਵਿੱਚ ਆਏ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਨੇ ਵੀਐਚਪੀ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਮੰਤਰੀ ਮੰਤਰੀ ਜੋਗਿੰਦਰ ਤਲਵਾੜ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਦੀ ਅਗਵਾਈ ਹੇਠ ਜੰਮੂ-ਕਸ਼ਮੀਰ ਸਰਕਾਰ ਅਤੇ ਪੱਛਮੀ ਬੰਗਾਲ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।ਵੀਰਵਾਰ ਨੂੰ ਵਿਰਾਸਤੀ ਸ਼ਹਿਰ ਦੇ ਮਸਜਿਦ ਚੌਕ ਵਿਖੇ ਬਜਰੰਗ ਦਲ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ।ਇਸ ਦੌਰਾਨ ਵਰਕਰਾਂ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹੋਰਡਿੰਗ ਵੀ ਫੂਕੇ।
ਜਥੇਬੰਦੀ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਮੰਗ ਵੀ ਕੀਤੀ।ਬਜਰੰਗ ਦਲ ਨੇ ਕਿਹਾ ਕਿ ਇਹ ਹਮਲਾ ਅਮਰਨਾਥ ਯਾਤਰਾ ਤੋਂ ਪਹਿਲਾਂ ਕਸ਼ਮੀਰ ਦਾ ਮਾਹੌਲ ਖਰਾਬ ਕਰਨ ਦੀ ਅੱਤਵਾਦੀਆਂ ਦੀ ਨਾਪਾਕ ਕੋਸ਼ਿਸ਼ ਹੈ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਸ਼ਮੀਰ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਨੂੰ ਆਪਣੀਆਂ ਨਾਪਾਕ ਅਤੇ ਕਾਇਰਤਾ ਭਰੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।ਉਨ੍ਹਾਂ ਨੇ ਮੰਗਲਵਾਰ ਨੂੰ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਇਹ ਚਿਤਾਵਨੀ ਜਾਰੀ ਕੀਤੀ ਹੈ।ਪੰਡਿਤ ਨੇ ਅੱਤਵਾਦ ਨੂੰ ਖਤਮ ਕਰਨ ਲਈ ਪਾਕਿਸਤਾਨ ਦੀ ਹੋਂਦ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਪੀਐਫਆਈ ਤੇ ਪਾਬੰਦੀ ਦੇ ਨਾਲ-ਨਾਲ ਅੱਤਵਾਦ ਦੇ ਜਨਮਦਾਤਾ ਪਾਕਿਸਤਾਨ ਨੂੰ ਸਬਕ ਸਿਖਾਉਣਾ ਵੀ ਜ਼ਰੂਰੀ ਹੈ।ਜੰਮੂ-ਕਸ਼ਮੀਰ ਦੇ ਲੋਕ ਪਿਛਲੇ 35 ਸਾਲਾਂ ਤੋਂ ਅੱਤਵਾਦ ਦੇ ਸਾਏ ਹੇਠ ਰਹਿ ਰਹੇ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੱਸੇ ਕਿ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਹੋਰ ਕਿੰਨੇ ਸਾਲ ਬਰਦਾਸ਼ਤ ਕੀਤਾ ਜਾਵੇਗਾ।
ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਕਿਹਾ ਕਿ ਦੁਨੀਆ ਵਿੱਚ ਅੱਤਵਾਦ ਦੀ ਕੋਈ ਥਾਂ ਨਹੀਂ ਹੈ।ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਦੀ ਜਿਸ ਤਰ੍ਹਾਂ ਕੌਮਾਂਤਰੀ ਪੱਧਰ ਤੇ ਸਾਰੇ ਮੁਲਕਾਂ ਵੱਲੋਂ ਨਿਖੇਧੀ ਕੀਤੀ ਗਈ ਹੈ,ਅੱਜ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਾਕਿਸਤਾਨ ਇੱਕ ਅਤਿਵਾਦੀ ਦੇਸ਼ ਸਾਬਤ ਹੋ ਚੁੱਕਾ ਹੈ।ਵਾਲੀਆ ਨੇ ਕਿਹਾ ਕਿ ਪਹਿਲਗਾਮ ਚ ਜਿਸ ਤਰ੍ਹਾਂ ਜੰਮੂ-ਕਸ਼ਮੀਰ ਦੀ ਯਾਤਰਾ ਤੇ ਆਏ ਨਿਰਦੋਸ਼ ਸੈਲਾਨੀਆਂ ਦੀ ਹੱਤਿਆ ਕੀਤੀ ਗਈ,ਬਹੁਤ ਹੀ ਨਿਦਾਨਯੋਗ ਘਟਨਾ ਹੈ।ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਰਕਾਰ ਪਾਕਿਸਤਾਨ ਖ਼ਿਲਾਫ਼ ਜਵਾਬੀ ਕਾਰਵਾਈ ਕਰੇ ਅਤੇ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਵੱਲੋਂ ਚਲਾਏ ਜਾ ਰਹੇ ਸਿਖਲਾਈ ਕੈਂਪਾਂ ਨੂੰ ਖ਼ਤਮ ਕਰੇ।
ਪਹਿਲਗਾਮ ਕਤਲੇਆਮ ਵਿੱਚ ਮਾਰੇ ਗਏ ਸੈਲਾਨੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਆਨੰਦ ਯਾਦਵ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਤਵਾਦ ਨੂੰ ਖਤਮ ਕਰਨ ਲਈ ਪਾਕਿਸਤਾਨ ਖਿਲਾਫ ਤੁਰੰਤ ਫੌਜੀ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਜਿਸ ਤਰ੍ਹਾਂ ਅੱਤਵਾਦੀਆਂ ਨੂੰ ਟ੍ਰੇਨਿਗ ਲਈ ਕੈਂਪ ਚਲਾਏ ਜਾ ਰਹੇ ਹਨ,ਉਸ ਕਾਰਨ ਅੱਜ ਪਾਕਿਸਤਾਨ ਇਕ ਅਜਿਹਾ ਦੇਸ਼ ਬਣ ਗਿਆ ਹੈ ਜੋ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਅੱਤਵਾਦ ਫੈਲਾਉਂਦਾ ਹੈ ਅਤੇ ਇਹ ਪੂਰੀ ਦੁਨੀਆ ਲਈ ਖ਼ਤਰੇ ਦੀ ਘੰਟੀ ਹੈ।ਇਸ ਮੌਕੇ ਰਾਜੇਸ਼ ਸ਼ਰਮਾ,ਪਵਨ ਸ਼ਰਮਾ, ਚੰਦਰਮੋਹਨ ਭੋਲਾ,ਅਜੇ ਕੁਮਾਰ,ਰਿੰਕੂ ਛਾਬੜਾ, ਅਮਨਪ੍ਰੀਤ ਛਾਬੜਾ,ਚੰਦਨ ਸ਼ਰਮਾ,ਜੋਗਿੰਦਰ ਤਲਵਾੜ, ਮੰਗਤ ਰਾਮ ਭੋਲਾ,ਸੂਰਜ,ਸੰਦੀਪ ਅਗਰਵਾਲ,ਸੰਜੇ ਸ਼ਰਮਾ,ਰਾਜੀਵ ਟੰਡਨ ਆਦਿ ਹਾਜ਼ਰ ਸਨ।

