ਮਾਲ ਮੰਤਰੀ ਵਲੋਂ ਜ਼ਲਦੀ ਮੰਗਾਂ ਮੰਨਣ ਦਾ ਦਿੱਤਾ ਭਰੋਸਾ
ਲੁਧਿਆਣਾ 8 ਅਪ੍ਰੈਲ: ਅੱਜ ਨੰਬਰਦਾਰ ਯੂਨੀਅਨ ਰਜਿ 643 ਪੰਜਾਬ ਦੇ ਸੂਬਾ ਪ੍ਰਧਾਨ ਸ੍ਰ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿੱਚ ਨੰਬਰਦਾਰਾਂ ਦਾ ਇੱਕ ਵਫਦ ਸ੍ਰ ਹਰਦੀਪ ਸਿੰਘ ਮੁੰਡੀਆਂ ਮਾਲ ਮੰਤਰੀ ਪੰਜਾਬ ਨੂੰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਲੁਧਿਆਣਾ ਉਹਨਾਂ ਦੀ ਕੋਠੀ ਵਿਖੇ ਮਿਲ਼ਿਆ। ਇਸ ਮੌਕੇ ਤੇ ਸੂਬਾ ਪ੍ਰਧਾਨ ਸ੍ਰ ਗੁਰਪਾਲ ਸਿੰਘ ਸਮਰਾ ਨੇ ਮੰਤਰੀ ਨੂੰ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਤੁਰੰਤ ਬਾਅਦ ਨੰਬਰਦਾਰਾਂ ਦੀਆਂ ਦੋ ਮੰਗਾਂ ਮਾਣ ਭੱਤਾ ਦੁੱਗਣਾ ਕਰਨਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨਾ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰ ਦਿੱਤਾ ਜਾਵੇਗਾ ਪਰੰਤੂ ਅੱਜ ਸਰਕਾਰ ਬਣੀ ਨੂੰ ਵੀ ਤਿੰਨ ਸਾਲ ਹੋ ਚੁੱਕੇ ਹਨ ਪਰੰਤੂ ਸਾਡੀ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਅਸੀਂ ਅਣੇਕਾਂ ਵਾਰ ਮੁੱਖ ਮੰਤਰੀ ਪੰਜਾਬ ਅਤੇ ਵੱਖ ਵੱਖ ਕੈਬਨਿਟ ਮੰਤਰੀਆਂ ਨੂੰ ਮਿਲਕੇ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਾਨੂੰ ਸਿਵਾਏ ਲਾਰਿਆਂ ਦੇ ਕੁੱਝ ਵੀ ਨਹੀਂ ਦਿੱਤਾ ਗਿਆ।
ਇਸ ਮੌਕੇ ਤੇ ਮਾਲ ਮੰਤਰੀ ਮੁੰਡੀਆਂ ਨੇ ਨੰਬਰਦਾਰ ਯੂਨੀਅਨ ਪੰਜਾਬ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਬਹੁਤ ਜ਼ਲਦੀ ਮੁਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਕੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਨੂੰ ਹਰ ਹਾਲ ਵਿੱਚ ਪੂਰਾ ਕਰਾਂਗੇ। ਉਹਨਾਂ ਕਿਹਾ ਕਿ ਬਹੁਤ ਜ਼ਲਦੀ ਨੰਬਰਦਾਰਾਂ ਨੂੰ ਉਹਨਾਂ ਦੀਆਂ ਮੰਗਾਂ ਮੰਨ ਕੇ ਖੁਸ਼ਖਬਰੀ ਦਿੱਤੀ ਜਾਵੇਗੀ। ਇਸ ਮੌਕੇ ਤੇ ਯੂਨੀਅਨ ਦੇ ਵਫਦ ਵਿੱਚ ਸ੍ਰ ਹਰਕੰਵਲ ਸਿੰਘ ਮੁੰਧ ਜਿਲਾ ਪ੍ਰਧਾਨ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ, ਸ਼੍ਰੀ ਵਰਿੰਦਰ ਕੁਮਾਰ ਚੌਧਰੀ ਜਿਲਾ ਪ੍ਰਧਾਨ ਨੰਬਰਦਾਰ ਯੂਨੀਅਨ ਰੋਪੜ, ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਜਸਵੰਤ ਸਿੰਘ ਰੰਧਾਵਾ, ਅਤੇ ਪਿਆਰਾ ਸਿੰਘ ਲੁਧਿਆਣਾ ਆਦਿ ਆਗੂ ਹਾਜ਼ਰ ਸਨ।

