ਅੰਮ੍ਰਿਤਸਰ , 5 ਅਪ੍ਰੈਲ : ਕੈਬਿਨਟ ਮੰਤਰੀ ਪੰਜਾਬ ਸ: ਹਰਭਜਨ ਸਿੰਘ ਈ. ਟੀ. ਓ. ਨੇ ਬੀਤੀ ਸ਼ਾਮ ਅਚਨਚੇਤ ਹੀ ਜੰਡਿਆਲਾ ਗੁਰੂ ਵਿਖੇ ਬਣੇ ਬੱਸ ਅੱਡੇ ‘ਤੇ ਚੈਕਿੰਗ ਕੀਤੀ ਅਤੇ ਸਰਕਾਰ ਵਲੋਂ ਤਾਇਨਾਤ ਕੀਤੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰ ਰਜਿੰਦਰ ਸਿੰਘ ਦੇ ਗੈਰ ਹਾਜ਼ਰ ਪਾਏ ਜਾਣ ‘ਤੇ ਨੌਕਰੀ ਤੋਂ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ । ਇਸ ਸੰਬੰਧੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ -1 ਵਲੋਂ ਉਕਤ ਇੰਸਪੈਕਟਰ ਦੇ ਜਾਰੀ ਕੀਤੇ ਮੁਅੱਤਲੀ ਹੁਕਮਾਂ ਅਨੁਸਾਰ ਰਜਿੰਦਰ ਸਿੰਘ ਨੰਬਰ ਕੰ: ਨੂੰ: 462 ਪੰਜਾਬ ਰੋਡਵੇਜ਼ ਅੰਮ੍ਰਿਤਸਰ 1 ਜਿਸ ਦੀ ਡਿਊਟੀ ਜੀ. ਟੀ. ਰੋਡ ਜੰਡਿਆਲਾ ਗੁਰੂ ਅੱਡੇ ‘ਤੇ ਲਗਾਈ ਗਈ ਸੀ ਤੇ ਉਹ ਮੌਕੇ ਤੋਂ ਗੈਰ ਹਾਜ਼ਰ ਪਾਇਆ ਗਿਆ ਜਿਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦਿਆਂ ਉਸ ਨੂੰ ਪੰਜਾਬ ਸਿਵਿਲ ਸਰਵਿਸ (ਸਜ਼ਾ ਤੇ ਅਪੀਲ ) 1970 ਦੇ ਨਿਯਮ 4 (1 ) ਅਧੀਨ ਤੁਰੰਤ ਸੇਵਾ ਤੋਂ ਮੁਅਤਲ ਕੀਤਾ ਗਿਆ।

ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ. ਟੀ. ਓ. ਅੱਜ ਜਦੋਂ ਪੰਜਾਬ ਰੋਡਵੇਜ਼ ਦੇ ਜੰਡਿਆਲਾ ਗੁਰੂ ਜੀ. ਟੀ. ਰੋਡ ਤੇ ਅੱਡੇ ਤੇ ਪੁੱਜੇ ਤਾਂ ਉੱਥੇ ਵੱਡੀ ਤਾਦਾਦ ਦੇ ਵਿਚ ਸਵਾਰੀਆਂ ਖੜੀਆਂ ਪਰੇਸ਼ਾਨ ਹੋ ਰਹੀਆਂ ਸਨ ਅਤੇ ਉਨ੍ਹਾਂ ਨੇ ਸਵਾਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਨੇ ਆਪ ਬੱਸਾਂ ਰੋਕ ਕੇ ਸਵਾਰੀਆਂ ਨੂੰ ਵਿਚ ਬਿਠਾਇਆ। ਉਨਾ ਰੋਡਵੇਜ਼ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਬੱਸ ਜੰਡਿਆਲਾ ਗੁਰੂ ਬੱਸ ਅੱਡੇ ਤੋ ਬਿਨਾਂ ਸਵਾਰੀਆਂ ਲਏ ਜਾਂ ਮਨਮਰਜ਼ੀ ਨਾ ਰੂਟ ਬਦਲ ਕੇ ਨਾ ਜਾਵੇ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਪਰੇ਼ਸਾਨੀ ਨਾ ਆਵੇ। ਇਸ ਮੌਕੇ ਐੱਸ. ਐੱਸ. ਬੋਰਡ ਦੇ ਮੈਂਬਰ ਨਰੇਸ਼ ਪਾਠਕ, ਜਗਰੂਪ ਸਿੰਘ ਰੂਬੀ, ਸੁਨੈਨਾ ਰੰਧਾਵਾ ਅਤੇ ਹੋਰ ਆਗੂ ਵੀ ਹਾਜ਼ਰ ਸਨ ।

