ਕਪੂਰਥਲਾ 23 ਮਾਰਚ (ਗੌਰਵ ਮੜੀਆ) ਲਾਈਫ਼ ਹੇਲਪਰਸ ਕਪੂਰਥਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਅਤੇ ਕੈਪੀਟੌਲ ਹਸਪਤਾਲ ਦੇ ਦੇ ਸਹਯੋਗ ਨਾਲ ਐਤਵਾਰ ਨੂੰ ਸਟੇਟ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਦਿਲ ਦੇ ਰੋਗ,ਕੈਂਸਰ,ਹੱਡੀਆਂ ਅਤੇ ਜਨਰਲ ਬੀਮਾਰੀਆਂ ਦੇ ਜਾਂਚ ਕੈਂਪ ਅਤੇ ਖੂਨ ਦਾਨ ਕੈਂਪ ਦੌਰਾਨ ਕਾਂਗਰਸ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਸ਼ਿਰਕਤ ਕੀਤੀ ਤੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਬੁਲਾਰੇ ਨਾਰਾਇਣ ਵਸ਼ਿਸ਼ਟ ਤੇ ਜ਼ਿਲ੍ਹਾ ਜਰਨਲ ਸਕੱਤਰ ਅਨਿਲ ਸ਼ੁਕਲਾ ਵੀ ਹਾਜ਼ਰ ਸਨ।ਇਸ ਮੌਕੇ ਤੇ ਕੁਲਦੀਪ ਸਿੰਘ ਤੇ ਦੀਪਕ ਸਲਵਾਨ ਨੇ ਲਾਈਫ਼ ਹੇਲਪਰਸ ਕਪੂਰਥਲਾ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸੰਸਥਾ ਭਵਿੱਖ ਵਿਚ ਵੀ ਜਦੋਂ ਵੀ ਕੈਂਪ ਲਗਾਏਗੀ ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹਨਗੇ।
ਕਾਂਗਰਸ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦੀ ਅਜਿਹੀ ਟੀਮ ਨੂੰ ਸੇਵਾ ਕਰਦੇ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ।ਕੁਲਦੀਪ ਸਿੰਘ ਨੇ ਕਿਹਾ ਕਿ ਮੁਫ਼ਤ ਵਿਚ ਮੈਡੀਕਲ ਸਹੂਲਤਾਂ ਪ੍ਰਦਾਨ ਕਰਨਾ ਬਹੁਤ ਵਧੀਆ ਕੰਮ ਹੈ ਕਿਉਂਕਿ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜਾਂ ਤਾਂ ਡਾਕਟਰੀ ਸਹੂਲਤਾਂ ਤੋਂ ਵਾਂਝੇ ਹਨ ਜਾਂ ਤਾਂ ਚੰਗੇ ਡਾਕਟਰ ਨਾ ਮਿਲਣ ਕਾਰਨ ਜਾਂ ਪੈਸੇ ਦੀ ਕਮੀ ਕਾਰਨ ਇਲਾਜ ਨਹੀਂ ਕਰਵਾ ਸਕਦੇ। ਸੰਸਥਾ ਵੱਲੋਂ ਇਕ ਵੱਡਾ ਖੂਨਦਾਨ ਕੈਂਪ ਵੀ ਲਗਾਇਆ ਗਿਆ ਜੋ ਆਪਣੇ ਆਪ ਵਿਚ ਇਕ ਮਿਸਾਲ ਹੈ।ਉਨ੍ਹਾਂਨੇ ਕਿਹਾ ਕਿ ਖ਼ੂਨ ਦੀ ਦਾਨ ਕੀਤੀ ਇੱਕ ਬੂੰਦ ਵੀ ਕਿਸੇ ਲੋੜਵੰਦ ਇਨਸਾਨ ਦੀ ਜ਼ਿੰਦਗੀ ਵਿੱਚ ਰੌਸ਼ਨੀ ਭਰ ਸਕਦੀ।ਜਿਸ ਲਈ ਖੂਨਦਾਨ ਨੂੰ ਸਭ ਤੋਂ ਉੱਤਮ ਦਾਨ ਮੰਨਿਆਂ ਗਿਆ ਹੈ।ਕੁਲਦੀਪ ਸਿੰਘ ਨੇ ਕਿਹਾ ਕਿ ਸਵੈ ਇੱਛਾ ਨਾਲ ਕੀਤਾ ਖੂਨਦਾਨ ਮਹਾਂਦਾਨ ਹੈ।ਸੰਸਾਰ ਵਿਚ ਖੂਨ ਦਾ ਕੋਈ ਬਦਲ ਨਹੀ ਹੈ,ਇਸ ਦੀ ਮਹੱਤਤਾ ਦਾ ਪਤਾ ਉਸ ਸਮੇਂ ਲੱਗਦਾ ਹੈ,ਜਦੋਂ ਖੂਨ ਦੀ ਜਰੂਰਤ ਪੈਂਦੀ ਹੈ।
ਕਲੱਬ ਅਤੇ ਸੰਗਠਨ ਖੂਨਦਾਨ ਲਈ ਪ੍ਰੇਰਿਤ ਕਰਨ ਵਿਚ ਵੱਡੀ ਭੂਮਿਕਾ ਨਿਭਾਉਦੇ ਹਨ।ਨਿਰੰਤਰ ਖੂਨਦਾਨ ਅਤੇ ਮੈਡੀਕਲ ਚੈਕਅਪ ਕੈਂਪ ਲਗਾਉਣ ਵਾਲੇ ਕਲੱਬ ਮਨੁੱਖਤਾ ਦੀ ਭਲਾਈ ਲਈ ਸਚਮੁੱਚ ਸ਼ਲਾਘਾਯੋਗ ਕਾਰਜ ਕਰ ਰਹੇ ਹਨ।ਉਨ੍ਹਾਂਨੇ ਕਿਹਾ ਕਿ ਮਨੁੱਖ ਨੂੰ ਖੂਨ ਦੇ ਰੂਪ ਵਿਚ ਪ੍ਰਮਾਤਮਾ ਨੇ ਅਨਮੋਲ ਖਜਾਨਾ ਦਿੱਤਾ ਹੈ, ਜੋ ਦੂਜੇ ਮਨੁੱਖ ਲਈ ਲੋੜ ਪੈਣ ਤੇ ਜੀਵਨ ਦਾਨ ਦਾ ਕੰਮ ਕਰਦਾ ਹੈ।ਸੰਸਥਾਵਾ ਤੇ ਸੰਗਠਨ ਜਦੋਂ ਅਜਿਹੇ ਉੱਤਮ ਉਪਰਾਲੇ ਕਰਦੀਆਂ ਹਨ,ਤਾਂ ਉਨ੍ਹਾਂ ਦਾ ਸਮਾਜ ਵਿਚ ਸ਼ਲਾਘਾ ਤੇ ਸਨਮਾਨ ਹੋਰ ਵੱਧ ਜਾਂਦਾ ਹੈ।

