ਅੱਜ ਦੇਸ਼ ਨੂੰ ਅਜਿਹੇ ਆਗੂਆਂ ਅਤੇ ਅਧਿਕਾਰੀਆਂ ਦੀ ਲੋੜ ਹੈ ਜੋ ਸਰਕਾਰੀ ਢਾਂਚੇ ਵਿੱਚੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਖ਼ਤਮ ਕਰ ਸਕਣ-ਨਰੇਸ਼ ਪੰਡਿਤ
ਕਪੂਰਥਲਾ 23 ਮਾਰਚ (ਗੌਰਵ ਮੜੀਆ) ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀਆਂ ਸ਼ਹੀਦ ਭਗਤ ਸਿੰਘ,ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਯੁਵਾ ਪ੍ਰੇਰਨਾ ਦਿਵਸ ਵਜੋਂ ਮਨਾ ਕੇ ਸ਼ਰਧਾਂਜਲੀ ਭੇਟ ਕੀਤੀ।ਪ੍ਰੋਗਰਾਮ ਦੀ ਪ੍ਰਧਾਨਗੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਕੀਤੀ।ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਦਰਸਾਏ ਗਏ ਮਾਰਗ ਤੇ ਚੱਲਣ ਦਾ ਸੰਕਲਪ ਲਿਆ।ਇਸ ਮੌਕੇ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ ਇੱਕ ਨਾਮ ਅਤੇ ਤਸਵੀਰ ਨਹੀਂ ਹੈ,ਬਲਕਿ ਇੱਕ ਸੋਚ ਹੈ,ਜਿਸ ਨੂੰ ਯਾਦ ਕਰਨ ਨਾਲ ਦੇਸ਼ ਭਗਤੀ ਦੀ ਭਾਵਨਾ ਇੱਕ ਕਰੰਟ ਵਾਂਗ ਦੌੜਨ ਲੱਗਦੀ ਹੈ।
ਅੱਜ ਦੇ ਸਮੇਂ ਵਿੱਚ ਨੌਜਵਾਨ ਭਟਕਣ ਦੇ ਰਾਹ ਤੁਰ ਪਏ ਹਨ।ਸਾਨੂੰ ਅਜਿਹੇ ਮਹਾਨ ਨੌਜਵਾਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਉਨ੍ਹਾਂਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।ਸਾਨੂੰ ਸਮਾਜ ਵਿੱਚ ਰਹਿੰਦਿਆਂ ਸਮਾਜ ਅਤੇ ਰਾਸ਼ਟਰੀ ਭਲਾਈ ਦੇ ਕੰਮਾਂ ਵਿੱਚ ਨਿਰਸਵਾਰਥ ਹੋ ਕੇ ਅੱਗੇ ਵਧਣਾ ਚਾਹੀਦਾ ਹੈ।ਜਦੋਂ ਨੌਜਵਾਨ ਵਿਕਸਿਤ ਹੋਣਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਭਾਰਤ ਮਾਤਾ ਲਈ ਸਮੇਂ-ਸਮੇਂ ਤੇ ਜੋ ਵੀ ਸਮਾਜ ਦੇ ਲਈ ਹੋ ਸਕੇ ਨਿਰਸਵਾਰਥ ਭਾਵਨਾ ਨਾਲ ਚੰਗਾ ਕੰਮ ਕਰਨਾ ਚਾਹੀਦਾ ਹੈ।ਸਾਨੂੰ ਅਜਿਹੇ ਸ਼ਹੀਦਾਂ ਦੀ ਸ਼ਹਾਦਤ ਤੇ ਮਾਣ ਹੈ,ਜੋ ਦੇਸ਼ ਦੇ ਕੰਮ ਆਏ।ਸਾਨੂੰ ਅਜਿਹੇ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਸਭ ਤੋਂ ਪਹਿਲਾਂ ਸਾਨੂੰ ਖੁਦ ਸਮਾਜ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ,ਤਾਂ ਹੀ ਅਸੀਂ ਦੇਸ਼ ਭਗਤੀ ਲਈ ਸਮਰਪਿਤ ਹੋ ਸਕਦੇ ਹਾਂ।
ਨਰੇਸ਼ ਪੰਡਿਤ ਨੇ ਕਿਹਾ ਕਿ 23 ਮਾਰਚ ਨੂੰ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਸਿੰਘ ਨੇ ਕਦੇ ਵੀ ਅੰਗਰੇਜ਼ਾਂ ਅੱਗੇ ਝੁਕਣਾ ਨਹੀਂ ਸਿੱਖਿਆ।ਉਨ੍ਹਾਂ ਨੇ ਹੱਸਦੇ-ਹੱਸਦੇ ਹੋਏ ਫਾਂਸੀ ਨੂੰ ਗੱਲੇ ਲਾ ਲਿਆ।ਭਾਰਤ ਮਾਤਾ ਦੇ ਇਨ੍ਹਾਂ ਮਹਾਨ ਸਪੂਤਾਂ ਦੀ ਕੁਰਬਾਨੀ ਦੇਸ਼ ਦੀ ਹਰ ਪੀੜ੍ਹੀ ਲਈ ਪ੍ਰੇਰਨਾ ਸਰੋਤ ਰਹੇਗੀ।ਇਸ ਮੌਕੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ,ਵਿਕਾਸ ਅਤੇ ਸਮਾਜ ਸੁਧਾਰ ਦੇ ਕੰਮਾਂ ਵੱਲ ਧਿਆਨ ਦੇਣ।ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ ਸੁਣਦਿਆਂ ਹੀ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਅਤੇ ਹਰ ਰਗ ਵਿਚ ਦੇਸ਼ ਭਗਤੀ ਦੀ ਲਹਿਰ ਦੌੜਣ ਲੱਗਦੀ ਹੈ।
ਪਰ ਜੋ ਸਾਡੇ ਸ਼ਹੀਦਾਂ ਨੇ ਆਜ਼ਾਦ ਭਾਰਤ ਦਾ ਸੁਪਨਾ ਦੇਖਿਆ ਸੀ।ਅੱਜ ਉਹ ਭਾਰਤੀ ਉਨ੍ਹਾਂ ਦੀ ਸੋਚ ਦੇ ਉਲਟ ਦਿਸ਼ਾ ਵਿੱਚ ਜਾ ਰਿਹਾ ਹੈ।ਆਨੰਦ ਯਾਦਵ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਕ੍ਰਾਂਤੀ ਦਾ ਆਧਾਰ ਤਿਆਰ ਕਰਨਾ ਹੋਵੇਗਾ ਅਤੇ ਇਹ ਕ੍ਰਾਂਤੀ ਭ੍ਰਿਸ਼ਟਾਚਾਰ,ਮਾੜੀ ਰਾਜਨੀਤੀ ਅਤੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਹੋਵੇਗੀ।ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦੀ ਲੋੜ ਸੀ ਪਰ ਹੁਣ ਭਾਰਤ ਨੂੰ ਅਜਿਹੇ ਆਗੂਆਂ ਅਤੇ ਅਫ਼ਸਰਾਂ ਦੀ ਲੋੜ ਹੈ ਜੋ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਸਕਣ।ਸਰਕਾਰੀ ਢਾਂਚੇ ਵਿੱਚੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਖ਼ਤਮ ਕਰਵਾਸਕਣ।ਇਸ ਮੌਕੇ ਤੇ ਰਾਜੂ ਸੂਦ,ਨਾਰਾਇਣ ਦਾਸ,ਦੀਪਕ ਮਰਵਾਹਾ,ਕਵੀ ਬਜਾਜ,ਗੁਲਸ਼ਨ ਮਹਿਰਾ,ਯੁਵਰਾਜ,ਰਾਜੇਸ਼ ਸ਼ਰਮਾ ਸ਼ੇਖੂਪੁਰ,ਵਿਜੈ ਯਾਦਵ,ਰਾਜੂ ਸ਼ਰਮਾ,ਅਨਿਲ ਵਾਲੀਆਂ ਆਦਿ ਹਾਜ਼ਰ ਸਨ।

