ਕਪੂਰਥਲਾ 3 ਮਾਰਚ(ਗੌਰਵ ਮੜੀਆ ) : ਦਿਵ੍ਯ ਜੋਤੀ ਜਾਗ੍ਰਿਤਿ ਸੰਸਥਾਨ ਵੱਲੋਂ ਮਹਾ ਸ਼ਿਵਰਾਤਰੀ ਦੇ ਪਵਿੱਤਰ ਦਿਨ ਨੂਰਮਹਿਲ ਆਸ਼ਰਮ ਵਿੱਚ ਨਵ-ਨਿਰਮਿਤ ਦਿਵ੍ਯ ਸਰੋਵਰ ਦਾ ਵਿਧੀਵਤ ਉਦਘਾਟਨ ਕੀਤਾ ਗਿਆ। ਇਸੀ ਮੌਕੇ ‘ਤੇ ਸੰਸਥਾਨ ਵੱਲੋਂ ਅਰਪਣ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਦਿਨ ਵੱਖ-ਵੱਖ ਸ਼ਹਿਰਾਂ ਦੀ ਸੰਗਤ ਨੂਰਮਹਿਲ ਆਸ਼ਰਮ ਪਹੁੰਚ ਰਹੀ ਹੈ। ਇਸ ਲੜੀ ਵਿੱਚ ਕਪੂਰਥਲਾ ਦੀ ਸੰਗਤ ਨੂਰਮਹਿਲ ਆਸ਼ਰਮ ਵਿਖੇ ਪਹੁੰਚੀ।

ਸਾਰੀ ਸੰਗਤ ਸੰਸਥਾਨ ਦੇ ਬੋਧ ਮਾਰਗ ‘ਤੇ ਇਕੱਠੀ ਹੋਈ ਅਤੇ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦੀਆਂ ਸੁੰਦਰ ਝਾਂਕੀਆਂ ਸਮੇਤ ਅਭਿਨੰਦਨ ਦੁਆਰ ਰਾਹੀਂ ਆਸ਼ਰਮ ਵਿੱਚ ਪ੍ਰਵੇਸ਼ ਕੀਤਾ। ਭਗਤੀ ਦੁਆਰ ਰਾਹੀਂ ਗੁਜ਼ਰਦੇ ਹੋਏ, ਸਾਰੀ ਸੰਗਤ ਭੰਡਾਰਾ ਸ਼ੈਡ ਵਿੱਚ ਇਕੱਠੀ ਹੋਈ, ਜਿੱਥੇ ਬਹੁਤ ਹੀ ਸੁੰਦਰ ਉਤਸਵ ਨੂੰ ਦਰਸਾਉਂਦਾ ਮੰਚ ਤਿਆਰ ਕੀਤਾ ਗਿਆ ਸੀ। ਸਾਰੇ ਆਸ਼ਰਮ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਹਰ ਥਾਂ ਬਣੀਆਂ ਰੰਗੋਲੀਆਂ ਆਸ਼ਰਮ ਦੀ ਸੁੰਦਰਤਾ ਨੂੰ ਹੋਰ ਵਧਾ ਰਹੀਆਂ ਸਨ।

ਸਵਾਮੀ ਵਿਸ਼੍ਵਾਨੰਦ ਜੀ ਨੇ ਸਤਸੰਗ ਦੇ ਜ਼ਰੀਏ ਇਹ ਸਮਝਾਇਆ ਕਿ ਗੁਰੂ ਕਿਵੇਂ ਆਪਣੇ ਸ਼ਿਸ਼ ਦੇ ਅੰਦਰ ਪਰਮਾਤਮਾ ਨੂੰ ਪ੍ਰਗਟ ਕਰਕੇ ਉਸ ਦਾ ਜੀਵਨ ਵੀ ਉਤਸਵ ਬਣਾ ਦਿੰਦਾ ਹੈ। ਸੰਗਤ ਨੇ ਇਹ ਸਤਸੰਗ ਸੁਣਿਆ ਅਤੇ ਆਨੰਦ ਮਾਣਿਆ। ਸਾਧਵੀ ਅਤੇ ਸਵਾਮੀ ਜਨਾਂ ਵੱਲੋਂ ਗਾਏ ਗਏ ਸੁੰਦਰ ਭਜਨਾਂ ਨੇ ਭਗਤਾਂ ਨੂੰ ਨੱਚਣ ‘ਤੇ ਮਜਬੂਰ ਕਰ ਦਿੱਤਾ। ਸਾਰੀ ਸੰਗਤ ਨੇ ਦਿਵ੍ਯ ਸਰੋਵਰ ਵਿੱਚ ਡੁਬਕੀ ਲਗਾਈ ਅਤੇ ਆਪਣੇ ਗੁਰਦੇਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਵਾਮੀ ਪਰਮਾਨੰਦ ਜੀ, ਸਵਾਮੀ ਸਦਾਨੰਦ ਜੀ, ਸਵਾਮੀ ਗਿਰਧਾਰਾਨੰਦ ਜੀ, ਸਵਾਮੀ ਸੱਜਨਾਨੰਦ ਜੀ, ਸਵਾਮੀ ਸਤ੍ਮਿਤ੍ਰਾਨੰਦ ਜੀ, ਸਵਾਮੀ ਗੁਰਦੇਵਾਨੰਦ ਜੀ, ਸਵਾਮੀ ਵਿਘ੍ਯਾਨਾਨੰਦ ਜੀ, ਸਵਾਮੀ ਸੁਖਦੇਵਾਨੰਦ ਜੀ , ਕਪੂਰਥਲਾ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ, ਸਾਧਵੀ ਹਰੀਪਰੀਤਾ ਭਾਰਤੀ ਜੀ, ਸਾਧਵੀ ਨਿਧੀ ਭਾਰਤੀ ਜੀ ਸਮੇਤ ਹੋਰ ਬਹੁਤ ਸਾਰੇ ਭਗਤ ਜਨ ਮੌਜੂਦ ਰਹੇ।

