ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਕਾਲਜ ਦੇ ਪੁਰਾਣੇ ਭੰਗੜਾ ਵਿਦਿਆਰਥੀਆਂ ਵਲੋਂ ਦੂਜਾ ਭੰਗੜੇ ਦਾ ਗੋਲਡ ਕੱਪ ਆਯੋਜਿਤ ਕੀਤਾ ਗਿਆ। ਇਸ ਵਿਚ ਵੱਖ-ਵੱਖ ਜ਼ਿਲਿਆਂ ਤੋਂ ਭੰਗੜਾ ਟੀਮਾ ਨੇ ਭਾਗ ਲਿਆ। ਇਸ ਮੌਕੇ ਸੁਪ੍ਰਸਿੱਧ ਲੋਕ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਬਤੌਰ ਮੁੱਖ ਮਹਿਮਾਨ ਅਤੇ ਡਾ. ਇੰਦਰਜੀਤ ਸਿੰਘ ਦੀ ਪੁੱਤਰੀ ਸ਼੍ਰੀਮਤੀ ਏਕਜੋਤ ਕੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਦਾ ਸੁਆਗਤ ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ, ਡਾ. ਰਛਪਾਲ ਸਿੰਘ ਸੰਧੂ, ਡੀਨ ਸਪੋਰਟਸ, ਡਾ. ਐਸ.ਐਸ. ਬੈਂਸ, ਡਾ. ਹਰਜੀਤ ਸਿੰਘ ਅਤੇ ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਨੇ ਗੁਲਦਸਤੇ ਦੇ ਕੇ ਕੀਤਾ।

ਪ੍ਰਿੰਸੀਪਲ ਡਾ. ਸੁਮਨ ਚੋਪੜਾਂ ਨੇ ਕਿਹਾ ਕਿ ਦੁਨੀਆਂ ਭਰ ਦੇ ਪੰਜਬੀਆਂ ਵਿਚ ਭੰਗੜੇ ਲਈ ਅਥਾਹ ਜੋਸ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭੰਗੜਾ ਸਾਡੀ ਲੋਕਨਾਚ ਵਿਰਾਸਤ ਹੈ, ਜਿਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸਾਡਾ ਧਰਮ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਲੋਕਨਾਚ ਦੁਨੀਆਂ ਭਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਿਆ ਹੈ। ਉਹਨਾਂ ਇਸ ਮੌਕੇ ਸਮੂਹ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਸਰਬਜੀਤ ਚੀਮਾ ਨੇ ਕਾਲਜ ਦੇ ਮੌਜੂਦਾ ਅਤੇ ਪੁਰਾਣੇ ਭੰਗੜਾ

ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਭੰਗੜਾ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਹਾਂ ਅਤੇ ਇਥੋਂ ਅਸੀਂ ਭੰਗੜੇ ਦਾ ਪਹਿਲਾ ਪੈਰ ਚੁਕੱਣਾ ਸਿੱਖਿਆ। ਉਨ੍ਹਾਂ ਕਿਹਾ ਕਿ ਕਾਲਜ ਦੇ ਭੰਗੜੇ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਦੁਨੀਆਂ ’ਤੇ ਆਪਣਾ ਨਾ ਬਣਾਉਣ ਲਈ ਆਧਾਰ ਭੂਮੀ ਪ੍ਰਦਾਨ ਕੀਤੀ ਹੈ। ਇਸ ਮੌਕੇ ਉਨ੍ਹਾਂ ਕਾਲਜ ਦੇ ਪੁਰਾਣੇ ਭੰਗੜਾ ਇੰਚਾਰਜ

ਡਾ. ਇੰਦਰਜੀਤ ਸਿੰਘ ਤੇ ਹੋਰ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ। ਭੰਗੜੇ ਗੋਲਡ ਕੱਪ ਦੇ ਮੁੱਖ ਆਯੋਜਕ ਜਤਿੰਦਰ ਕੁਮਾਰ (ਲੰਬੜ) ਨੇ ਪ੍ਰਧਾਨ ਗਵਰਨਿੰਗ ਕੌਂਸਲ ਸਰਦਾਰਨੀ ਬਲਬੀਰ ਕੌਰ ਅਤੇ ਕਾਲਜ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਨ੍ਹਾਂ ਭੰਗੜਾ ਮੁਕਾਬਲਿਆ ਵਿੱਚ ਪਹਿਲਾ ਸਥਾਨ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੇ, ਦੂਜਾ ਸਥਾਨ ਐਸਈਸੀਏ ਨਵਾਂ ਸ਼ਹਿਰ ਨੇ ਅਤੇ ਤੀਜਾ ਸਥਾਨ ਸੀ.ਟੀ. ਯੂਨੀਵਰਸਿਟੀ ਲੁਧਿਆਣਾ ਅਤੇ

ਆਰ.ਆਈ.ਐਫ.ਏ.ਸੀ. ਭੰਗੜਾ ਅਕੈਡਮੀ ਲੁਧਿਆਣਾ ਨੇ ਸਾਂਝੇ ਤੌਰ ‘ਤੇ ਹਾਸਲ ਕੀਤਾ। ਜੇਤੂ ਟੀਮਾਂ ਨੂੰ ਪਹਿਲਾ ਇਨਾਮ 1,25,000/-, ਦੂਜਾ ਇਨਾਮ 71,000/- ਅਤੇ ਤੀਜਾ ਇਨਾਮ 31,000/- ਪ੍ਰਦਾਨ ਕੀਤੇ ਗਏ। ਇਸ ਮੌਕੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ (ਪੀ.ਏ.), ਪ੍ਰੋ. ਸਰਬਜੀਤ ਸਿੰਘ, ਪ੍ਰੋ. ਸਿਮਰਨਜੀਤ ਸਿੰਘ ਨੂੰ ਇਸ ਭੰਗੜਾ ਗੋਲਡ ਕੱਪ ਵਿਚ ਸਹਿਯੋਗ ਦੇਣ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਭੰਗੜਾ ਗੋਲਡ ਕੱਪ ਵਿਚ ਸ੍ਰੀ ਪ੍ਰਿਤਪਾਲ ਸਿੰਘ ਨੰਗਲ,

ਸੁਖਵਿੰਦਰ ਸਿੰਘ ਸੋਨਾ ਅਤੇ ਜਸਵੀਰ ਸਿੰਘ ਮੰਗਾ ਨੇ ਬਤੌਰ ਜੱਜ ਭੂਮਿਕਾ ਨਿਭਾਈ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਕੇ.ਐਸ. ਮੱਖਣ, ਗਾਇਕ ਜੈਲੀ ਵੀ ਹਾਜ਼ਰ ਸਨ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪੁਰਾਣੇ ਭੰਗੜੇ ਦੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦਾ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਹਾਜ਼ਰ ਸਨ।


