* ਪ੍ਰਭੂ ਯਿਸੂ ਮਸੀਹ ਸਮੁੱਚੀ ਮਾਨਵ ਜਾਤੀ ਨੂੰ ਬਚਾਉਣ ਲਈ ਧਰਤੀ ਤੇ ਆਏ- ਪਾਸਟਰ ਸੁਭਾਸ਼
ਕਪੂਰਥਲਾ 24 ਦਸੰਬਰ(ਗੌਰਵ ਮੜੀਆ) ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਰੇਲ ਕੋਚ ਫੈਕਟਰੀ ਕੈਂਪਸ ਵਿੱਚ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸਾਹ ਪੂਰਵਕ ਮਨਾਇਆ ਗਿਆ। ਇਸ ਮੋਕੇ ਤੇ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਪਾਸਟਰ ਸੁਭਾਸ਼ ਬੈਂਸ, ਪਾਸਟਰ ਵੱਲੋਂ ਸੰਧੂ ਬਰਦਰ ਸੰਜੇ ਅਤੇ ਬਰਦਰ ਅਜੇ ਸਮੂਹ ਸੰਗਤ ਨੂੰ ਯਿਸੂ ਮਸੀਹ ਦਾ ਪੈਗਾਮ ਦੇਣ ਲਈ ਆਏ। ਸਮਾਗਮ ਵਿੱਚ ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਵੀ ਹਾਜਰੀ ਭਰੀ।
ਆਰਸੀਐਫ ਕੈਂਪਸ ਦੀ ਸੰਗਤ ਤੋਂ ਇਲਾਵਾ ਦੂਰ ਦੁਰਾਡੇ ਤੋਂ ਵੀ ਸੰਗਤਾਂ ਇਸ ਸਮਾਗਮ ਵਿੱਚ ਪੁੱਜੀਆਂ। ਸਮਾਗਮ ਵਿੱਚ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ, ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਅਤੇ ਮਜ਼ਦੂਰ ਯੂਨੀਅਨ ਦੇ ਆਗੂ ਰਾਮਭਜਨ ਸਿੰਘ ਉਚੇਚੇ ਤੌਰ ਤੇ ਪੁੱਜੇ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੇ ਐਸ ਅਟਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਸੰਗਤ ਨੂੰ ਸੰਬਧਨ ਕਰਦਿਆਂ ਉਹਨਾਂ ਕਿਹਾ ਕਿ ਵੱਡਾ ਦਿਨ ਮਿਣਤੀ ਵਿੱਚ ਵੱਡਾ ਨਹੀਂ ਹੈ, ਬਲਕਿ ਵੱਡਾ ਇਸ ਕਰਕੇ ਹੈ ਕਿ ਇਸ ਦਿਨ ਪ੍ਰਭੂ ਯਿਸੂ ਇਸ ਦੁਨੀਆ ਤੇ ਪੈਦਾ ਹੋਏ ਹਨ। ਪ੍ਰਭੂ ਯਿਸੂ ਮਸੀਹ ਦਾ ਇਸ ਜਗਤ ਵਿੱਚ ਆਉਣਾ ਨਾ ਕੇਵਲ ਇਸਾਈ ਲੋਕਾਂ ਲਈ ਹੈ, ਬਲਕਿ ਸਮੁੱਚੀ ਮਾਨਵ ਜਾਤੀ ਲਈ ਹੈ। ਕਿਉਂ ਜੋ ਖੁਦਾ ਅਤੇ ਮਨੁੱਖ ਦਰਮਿਆਨ ਜੋ ਜੁਦਾਈ ਪਈ ਹੋਈ ਸੀ ਉਸ ਨੂੰ ਪੂਰਾ ਕਰਨ ਲਈ ਪਵਿੱਤਰ ਕੁਰਬਾਨੀ ਦੀ ਲੋੜ ਸੀ ਜਿਸ ਨੂੰ ਪ੍ਰਭੂ ਯਿਸੂ ਮਸੀਹ ਮਨੁੱਖ ਦੇ ਰੂਪ ਵਿੱਚ ਜਨਮ ਧਾਰ ਕੇ ਪਾਪੀ ਮਨੁੱਖ ਨੂੰ ਪ੍ਰਭੂ ਨਾਲ ਮਿਲਾਇਆ।
ਕਾਰਤਿਕ,ਜੋਏਲ,ਬਲਵੀਰ,ਪਵਨ,ਸ਼ਮਊਨ,ਰਿਤਿਕਾ, ਨਿਕਿਤਾ ਆਦਿ ਵਰਸ਼ਿਪ ਟੀਮ ਨੇ ਕ੍ਰਿਸਮਸ ਸਬੰਧੀ ਗੀਤ,ਜ਼ਬੂਰ ਗਾ ਕੇ ਪ੍ਰਭੂ ਦੀ ਮਹਿਮਾ ਕੀਤੀ। ਐਮ.ਸੀ.ਐੱਫ.ਚਰਚ ਜਲੰਧਰ ਦੇ ਪਾਸਟਰ ਸੁਭਾਸ਼ ਬੈਂਸ ਨੇ ਪ੍ਰਭੂ ਯਿਸੂ ਮਸੀਹ ਦੀ ਪੈਦਾਇਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਇੰਜੀਲਾਂ ਦੇ ਅਨੁਸਾਰ ਪ੍ਰਭੂ ਯਿਸੂ ਦਾ ਜਨਮ ਯਹੂਦੀ ਬਾਦਸ਼ਾਹ ਹੈਰੋਦੀਸ ਦੇ ਰਾਜ ਵਿੱਚ ਹੋਇਆ। ਯਿਸੂ ਦੇ ਜਨਮ ਤੋਂ ਪਹਿਲੋਂ ਪਰਮੇਸ਼੍ਵਰ ਦੇ ਫ਼ਰਿਸ਼ਤੇ ਜਿਬਰਾਈਲ ਉਹਨਾਂ ਦੀ ਮਰਯਮ ਦੇ ਕੋਲ ਹਾਜ਼ਰ ਹੋਏ ਤੇ ਪਰਮੇਸ਼੍ਵਰ ਦੇ ਪੁਤੱਰ ਦੀ ਮਾਂ ਬਣਨ ਦੀ ਭਵਿੱਖ ਬਾਣੀ ਕੀਤੀ, ਯਿਸੂ ਮਸੀਹ ਨੇ ਕੇਵਲ ਸਾਢੇ ਤਿੰਨ ਸਾਲ ਧਰਤੀ ਉੱਪਰ ਪ੍ਰਚਾਰ ਕੀਤਾ।
ਇਸ ਕਾਰਜ ਵਿੱਚ ਭਾਈ ਬਲਦੇਵ ਰਾਜ ਸਰਪੰਚ, ਬਰਦਰ ਅਜੇ ਕੈਪਟਨ ਬਾਵਾ ਸਿੰਘ,ਅਰੁਨਵੀਰ ਅਟਵਾਲ, ਬ੍ਰਦਰ ਸਾਗਰ, ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।

