ਕਪੂਰਥਲਾ 15ਦਿਸੰਬਰ (ਗੌਰਵ ਮੜੀਆ ) : ਆਮ ਆਦਮੀ ਪਾਰਟੀ ਕਪੂਰਥਲਾ ਦੀ ਅਗਵਾਈ ਕਰ ਰਹੇ ਸੀਨੀਅਰ ਆਗੂਆਂ ਵਿੱਚ ਸ਼ਾਮਿਲ ਪੰਜਾਬ ਸਰਕਾਰ ਦੇ ਅਦਾਰੇ (ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਚੰਡੀਗੜ੍ਹ ਦੇ ਮੈਂਬਰ) ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ, ਪਰਵਿੰਦਰ ਸਿੰਘ ਆਰਕੀਟੈਕਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ ਅਤੇ ਉਨ੍ਹਾਂ ਦੇ ਸਾਥੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਮੈਡਮ ਅਨੁਪਮ ਕਲੇਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ ।
ਕੰਵਰ ਇਕਬਾਲ ਸਿੰਘ ਨੇ ਜਾਂਣਕਾਰੀ ਦਿੱਤੀ ਕਿ ਇਲਾਕੇ ਦੀਆਂ ਕੁਝ ਕਲੋਨੀਆਂ ਵਿੱਚ ਸ਼ਾਮਿਲ ਸਿਟੀ ਇਨਕਲੇਵ ਨਜ਼ਦੀਕ ਤੋਪਖਾਨਾ ਸਕੂਲ, ਅਮਨ ਇਨਕਲੇਵ, ਸਾਉਥ ਸਿਟੀ ਕਰਤਾਰਪੁਰ ਰੋਡ, ਈਸਟ ਇਨਕਲੇਵ, ਕੁੰਜ ਵਿਹਾਰ ਫੇਜ਼ ਨੰਬਰ 1 ਅਤੇ ਫੇਜ਼ 2, ਚੋਪੜਾ ਕਲੋਨੀ ਗ੍ਰੀਨ ਪਾਰਕ ਕਪੂਰਥਲਾ ਇਤਿਆਦ ਸਮੇਤ ਹੋਰ ਕਲੋਨੀਆਂ ਜਿਨ੍ਹਾਂ ਦੇ ਨਗਰ ਨਿਗਮ ਵੱਲੋਂ ਨਕਸ਼ੇ ਪਾਸ ਹੋ ਕੇ ਐਨ ਓ ਸੀ ਉਨ੍ਹਾਂ ਨੂੰ ਜਾਰੀ ਹੋ ਚੁੱਕੀਆਂ ਹਨ । ਉਨ੍ਹਾਂ ਕਲੋਨੀਆਂ ਦੇ ਵਸਨੀਕ ਹਰ ਤਰ੍ਹਾਂ ਦਾ ਟੈਕਸ ਅਦਾ ਕਰ ਰਹੇ ਹਨ ਪਰ ਸੀਵਰੇਜ ਅਤੇ ਸੜਕਾਂ ਵਰਗੀਆਂ ਹੋਰ ਬੁਨਿਆਦੀ ਸਹੂਲਤਾਂ ਤੋਂ ਅਜੇ ਵੀ ਵਾਂਝੇ ਹਨ । ਉਨ੍ਹਾਂ ਕਲੋਨੀਆਂ ਦੇ ਵਸਨੀਕਾਂ ਵੱਲੋਂ ਸਮੇਂ-ਸਮੇਂ ਇਨ੍ਹਾਂ ਆਗੂਆਂ ਦੇ ਦਫ਼ਤਰ ਵਿੱਚ ਪਹੁੰਚ ਕਰ ਕੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਉਪਰੰਤ ਆਗੂਆਂ ਵੱਲੋਂ ਇਹ ਸਾਰਾ ਮਾਮਲਾ ਮੈਡਮ ਅਨੁਪਮ ਕਲੇਰ ਦੇ ਧਿਆਨ ਵਿੱਚ ਲਿਆਉਣ ਦੀ ਦੇਰ ਸੀ ਕਿ ਉਨ੍ਹਾਂ ਵੱਲੋਂ ਪਹਿਲ ਦੇ ਅਧਾਰ ਤੇ ਪਹਿਲਾਂ ਤਾਂ ਕੁਝ ਕਲੋਨੀਆਂ ਦਾ ਸਰਵੇਖਣ ਕਰਨ ਵਾਸਤੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਤਾਂ ਜੋ ਉਹ ਜਮੀਨੀ ਹਕੀਕਤ ਤੋਂ ਜਾਣੂ ਹੋ ਸਕਣ।

ਉਕਤ ਪਾਰਟੀ ਆਗੂਆਂ ਅਤੇ ਨਿਗਮ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਸਰਵੇਖਣ ਉਪਰੰਤ ਨਿਗਮ ਦੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮ ਕਲੇਰ ਨੇ ਟਾਉਨ ਪਲੈਨਰ ਅਤੇ ਐਡੀਸ਼ਨਲ ਟਾਊਨ ਪਲੈਨਰ ਦੀ ਟੀਮ ਨੂੰ ਹਦਾਇਤ ਕੀਤੀ ਕਿ ਛੇਤੀ ਤੋਂ ਛੇਤੀ ਗੈਰ ਕਾਨੂੰਨੀ ਘੋਸ਼ਿਤ ਕੀਤੀਆਂ ਗਈਆਂ ਇਨ੍ਹਾਂ ਕਲੋਨੀਆਂ ਦੇ ਕਲੋਨਾਈਜਰਾਂ ਨੂੰ ਨੋਟਿਸ ਕੱਢੇ ਜਾਣ ਤਾਂ ਜੋ ਉਹ ਨਗਰ ਨਿਗਮ ਨੂੰ ਦੇਣ ਵਾਲਾ ਆਪਣਾਂ ਬਕਾਇਆ ਛੇਤੀ ਹੀ ਜਮਾਂ ਕਰਵਾ ਸਕਣ ਅਤੇ ਕਲੋਨੀਆਂ ਅਧਿਕਾਰਤ ਐਲਾਨ ਕੇ ਰੁਕੇ ਹੋਏ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਸ਼ੁਰੂ ਕੀਤੇ ਜਾ ਸਕਣ ।
ਪਾਰਟੀ ਦੇ ਉਕਤ ਸੀਨੀਅਰ ਆਗੁਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਕਿਸੇ ਵੀ ਡਿਪਾਰਟਮੇਂਟ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਉਹ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਅਸੀਂ ਪੰਜਾਬ ਸਰਕਾਰ ਵੱਲੋਂ ਵਾਇਦਾ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਉਨ੍ਹਾਂ ਸਮੱਸਿਆਵਾਂ ਦਾ ਸਮਾਂਧਾਨ ਕਰਵਾਇਆ ਜਾਵੇਗਾ।

