ਪਟਿਆਲਾ 16 ਅਕਤੂਬਰ (ਗੌਰਵ ਮੜੀਆ ) : ਪਿੰਡ ਇੰਦਰਪੁਰਾ ਹਲਕਾ ਸਮਾਣਾ ਜ਼ਿਲ੍ਹਾਂ ਪਟਿਆਲਾ ਦੇ ਵਿੱਚ ਪਹਿਲੀ ਵਾਰ ਲੋਕਾਂ ਵੱਲੋਂ ਇਤਿਹਾਸ ਰੱਚਿਆ ਗਿਆ। ਆਜ਼ਾਦ ਉਮੀਦਵਾਰ ਰਿਚਾ ਕੌੜਾ ਵੱਲੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਗਈ, ਜਿਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਸੀ। ਪਿੰਡ ਦੀਆਂ ਕੁੱਲ 405 ਵੋਟਾਂ ਵਿੱਚੋਂ 339 ਵੋਟਾਂ ਦਾ ਭੁਗਤਾਨ ਹੋਇਆ।ਜਿਸ ਵਿੱਚੋਂ 238 ਵੋਟਾਂ ਰਿਚਾ ਕੌੜਾ ਦੇ ਹੱਕ ‘ਚ ਪਈਆਂ।

ਦੂਜੇ ਪਾਸੇ ਉਹਨਾਂ ਦੇ ਵਿਰੋਧੀ ਉਮੀਦਵਾਰ ਅਮਰਜੀਤ ਕੌਰ ਨੂੰ ਸਿਰਫ਼ 89 ਵੋਟਾਂ ਮਿਲੀਆਂ, ਅਤੇ 10 ਵੋਟਾਂ ਗਲਤ ਪੈਣ ਕਾਰਨ ਰੱਦ ਵੀ ਹੋਈਆਂ। ਜਿਸ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਅਤੇ ਜਿੱਤ ਦਾ ਸਰਟੀਫਿਕੇਟ ਲੈਣ ਤੋਂ ਬਾਅਦ ਨਵੀਂ ਬਣੀ ਸਰਪੰਚ ਰਿਚਾ ਕੌੜਾ ਆਪਣੇ ਪਤੀ ਕਰੁਨ ਕੌੜਾ ਨਾਲ ਟਰੈਕਟਰ ‘ਤੇ ਹੀ ਸਵਾਰ ਹੋ ਕੇ ਪੋਲਿੰਗ ਬੂਥ ਤੋਂ ਨਿਕਲੇ, ਇਸ ਦੌਰਾਨ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਖੁਸ਼ੀ ਵਿੱਚ ਢੋਲ ਵਜਾ ਕੇ ਜਿੱਥੇ ਭੰਗੜੇ ਪਾਏ ਉਥੇ ਹੀ ਉਮੀਦਵਾਰ ਵੱਲੋਂ ਸਭ ਤੋਂ ਪਹਿਲਾਂ ਗੁਰੂਘਰ, ਨਗਰ ਖੇੜਾ, ਅਤੇ ਸ਼ਿਵ ਮੰਦਰ ਵਿੱਚ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।

ਰਿਚਾ ਕੌੜਾ ਨੇ ਇਸ ਮੌਕੇ ਆਪਣੇ ਸਮਰਥਕਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ,” ਇਹ ਜਿੱਤ ਕੇਵਲ ਮੇਰੀ ਹੀ ਨਹੀਂ ਸਗੋਂ ਸਮੁੱਚੇ ਪਿੰਡ ਵਾਸੀਆਂ ਦੀ ਹੈ।ਮੈਂ ਉਨ੍ਹਾਂ ਦੇ ਭਰੋਸੇ ਅਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਹੁਣ ਸਭ ਤੋਂ ਪਹਿਲਾਂ ਮੇਰੇ ਲਈ ਮੇਰਾ ਪਿੰਡ ਹੈ। ਜਿਸ ਦੇ ਵਿਕਾਸ ਲਈ ਮੈਂ ਦਿਨ -ਰਾਤ ਮਿਹਨਤ ਕਰਾਂਗੀ। ਰਿਚਾ ਕੌੜਾ ਦੀ ਜਿੱਤ ਨੇ ਪਿੰਡ ਇੰਦਰਪੁਰਾ ਦੇ ਲੋਕਾਂ ਵਿੱਚ ਨਵੀਂ ਉਮੀਦ ਅਤੇ ਜੋਸ਼ ਭਰਿਆ।ਸਥਾਨਕ ਲੋਕਾਂ ਨੂੰ ਆਸ ਹੈ ਕਿ ਰਿਚਾ ਕੌੜਾ ਦੀ ਅਗਵਾਈ ਹੇਠ ਪਿੰਡ ਦਾ ਸਰਬਪੱਖੀ ਵਿਕਾਸ ਹੋਵੇਗਾ ਅਤੇ ਇੱਥੋਂ ਦੀਆਂ ਸਮੱਸਿਆਵਾ ਦਾ ਹੱਲ ਹੋਵੇਗਾ।

