ਕਪੂਰਥਲਾ(ਗੌਰਵ ਮੜੀਆ )ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਲੋਕ ਸਭਾ ਚੋਣਾਂ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਰਾਖੀ ਅਤੇ ਇਸ ਨੂੰ ਮਜ਼ਬੂਤ ਬਣਾਉਣ ਲਈ ਲੋੜ ਹੈ ਤਾਂ ਕਿ ਲੋਕ ਨਿਰਪੱਖ ਹੋ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ।ਸਾਹੀ ਨੇ ਅਕਾਲੀ- ਭਾਜਪਾ ਗੱਠਜੋੜ ਬਾਰੇ ਕਿਹਾ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀ ਚੜ੍ਹਦੀ ਕਿਉਂਕਿ 10 ਸਾਲ ਇਨ੍ਹਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ ਪਰ ਹੁਣ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।ਸਾਹੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਪਾਰਟੀ ਦੇ ਇਕੱਲੇ ਇਕੱਲੇ ਵਰਕਰ ਦਾ ਫਰਜ਼ ਬਣਦਾ ਹੈ
ਕਿ ਉਹ ਦਿਨ ਰਾਤ ਇਕ ਕਰ ਕੇ ਉਨ੍ਹਾਂ ਪਾਰਟੀ ਉਮੀਦਵਾਰ ਲਾਲ ਜਿੱਤ ਸਿੰਘ ਭੁੱਲਰ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਸਮਝਦਿਆਂ ਆਪ ਸਰਕਾਰ ਵੱਲੋਂ ਕੀਤੇ ਕਾਰਜਾਂ ਨੂੰ ਲੋਕਾਂ ਤੱਕ ਲੈ ਕੇ ਜਾਣ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਹਿਜ਼ 2 ਸਾਲਾਂ ਵਿੱਚ ਇੰਨੇ ਕੰਮ ਕਰ ਦਿੱਤੇ ਹਨ ਜੋ ਸਰਕਾਰਾਂ ਆਪਣੇ ਸ਼ਾਸਨ ਦੇ ਆਖਰੀ ਸਾਲ ਵਿੱਚ ਕਰਦੀਆਂ ਸਨ।ਸਾਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਕੋਲ ਦੇਸ਼ ਦੇ ਸਰਬਪੱਖੀ ਵਿਕਾਸ ਦਾ ਮਾਡਲ ਹੈ।ਸੰਸਦ ਚ ਭਗਵੰਤ ਸਿੰਘ ਮਾਨ ਅਤੇ ਦਿੱਲੀ ਤੇ ਪੰਜਾਬ ਚ ਪਾਰਟੀ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਹੀ ਦੂਰਅੰਦੇਸ਼ ਪਾਰਟੀ ਹੈ,ਜੋ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਵੱਲੋਂ ਪੰਜਾਬ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਦੇ ਆਧਾਰ ਤੇ ਚੋਣ ਲੜੀ ਜਾਵੇਗੀ।ਇਸ ਲਈ ਪਾਰਟੀ ਆਗੂ ਅਤੇ ਕਾਰਕੁਨ ਪੰਜਾਬ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਤਾਂ ਜੋ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਲੋਕ ਸਭਾ ਚੋਣਾਂ ਚ ਵੀ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਵੇ।ਸਾਹੀ ਨੇ ਕਿਹਾ ਕਿ ਮਾਨ ਸਰਕਾਰ ਨੇ ਜੋ ਕੰਮ ਪਿਛਲੇ ਦੋ ਸਾਲਾਂ ਚ ਕੀਤੇ ਹਨ ਉਹ ਪਿਛਲੀਆਂ ਸਰਕਾਰਾਂ ਸੱਤਰ ਸਾਲਾਂ ਚ ਨਹੀਂ ਕਰ ਸਕੀਆਂ।ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵੀ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ ਅਤੇ ਕਪੂਰਥਲਾ ਵਿਧਾਨ ਸਭਾ ਹਲਕਾ ਤੋਂ ਲਾਲਜੀਤ ਭੁੱਲਰ ਨੂੰ ਵੱਡੀ ਲੀਡ ਮਿਲੇਗੀ।

