ਕਪੂਰਥਲਾ(ਗੌਰਵ ਮੜੀਆ )ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਮਾਨਵਤਾਵਾਦੀ ਮਹਾਨ ਰਹਿਬਰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਸ਼ਨੀਵਾਰ ਨੂੰ ਬਹੁਤ ਸ਼ਰਧਾ ਸਤਿਕਾਰ ਨਾਲ ਗੁਰੂਦਵਾਰਾ ਸ਼੍ਰੀ ਗੁਰੂ ਰਵਿਦਾਸ ਭਵਨ,ਨਜਦੀਕ ਦੇਵੀ ਤਾਲਾਬ ਵਿਖੇ ਮਨਾਇਆ ਗਿਆ।ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਗੁਰੂਦੁਆਰਾ ਸ਼੍ਰੀ ਰਵਿਦਾਸ ਭਵਨ ਵਿਖੇ ਨਤਮਸਤਕ ਹੋਕੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਅਸ਼ੀਰਵਾਦ ਲਿਆ।ਇਸ ਮੌਕੇ ਤੇ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਚਪਨ ਤੋਂ ਹੀ ਸਹਿਣਸ਼ੀਲ,ਰੱਬੀ ਰਜ਼ਾ ਚ ਰਹਿਣ ਵਾਲੇ,ਦੁੱਖ-ਸੁੱਖ ਤੋਂ ਨਿਰਲੇਪ,ਮਾਇਆ ਤਿਆਗੀ,ਨਿਰਭੈ,ਨਿਰਵੈਰ,ਕੋਮਲ ਤੇ ਵਿਮਲ ਹਿਰਦੇ ਵਾਲੇ,ਮਧੂ ਵਚਨ ਬੋਲ ਕੇ ਹਰ ਸ਼ਖ਼ਸੀਅਤ ਨੂੰ ਮੋਹ ਲੈਣ ਵਾਲੇ,ਚੇਤੰਨ ਚਿੰਤਕ, ਬ੍ਰਹਮ ਸਰੂਪ ਸਨ।
ਆਪ ਸਤਿ,ਸੰਤੋਖ,ਵਿਚਾਰ ਨਾਲ ਜੁੜੇ, ਪੇ੍ਰਮਾ ਭਗਤੀ ਤੇ ਮਾਇਆ ਤਿਆਗ ਦੀ ਪ੍ਰਤੱਖ ਮੂਰਤ ਸਨ।ਉਹ ਨਿਰਗੁਣ,ਨਿਰਾਕਾਰ ਬ੍ਰਹਮ ਦੇ ਉਪਾਸਕ,ਸਮੁੱਚੀ ਮਾਨਵਤਾ ਦੇ ਉਪਦੇਸ਼ਕ,ਸੰਤ ਸ਼੍ਰੋਮਣੀ ਮਹਾਂ ਮਾਨਵ ਸਨ ਤੇ ਅਨਿਆਂ ਦੇ ਸਾਹਮਣੇ ਕਦੇ ਵੀ ਨਹੀਂ ਸਨ ਝੁਕਦੇ।ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣਾ ਸੰਪੂਰਨ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।ਇੰਡੀਅਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਦਿਖਾਏ ਰਸਤੇ ਤੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ.ਬੀਆਰ ਅੰਬੇਡਕਰ ਜੀ ਵੱਲੋਂ ਦਰਸਾਏ ਬਰਾਬਰੀ ਦੇ ਮਾਰਗ ਅਨੁਸਾਰ ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਸਕੂਲਾਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ।ਇੰਡੀਅਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਹੀ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧਿਆਨ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਨੌਕਰੀ ਦੀ ਭਾਲ ਕਰਨ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ।ਉਨ੍ਹਾਂ ਨੇ ਕਿਹਾ ਕਿ ਅਗਾਂਹਵਧੂ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਇਹ ਸਮੇਂ ਦੀ ਲੋੜ ਹੈ।ਇਸ ਮੌਕੇ ਤੇ ਅਨਮੋਲ ਕੁਮਾਰ ਗਿੱਲ,ਸੁਰਜੀਤ ਸਿੰਘ ਵਿੱਕੀ,ਸੁਖਦੇਵ ਸਿੰਘ,ਸੁਖਮਿੰਦਰ ਸਿੰਘ ਸੋਨੂੰ, ਜਗਜੀਵਨ ਸਿੰਘ ਭਿੰਡਰ, ਸੁਖਵਿੰਦਰ ਮੋਹਨ ਸਿੰਘ ਭਾਟੀਆ ਆਦਿ ਹਾਜ਼ਰ ਸਨ।

