ਫਗਵਾੜਾ ਅਤੇ ਭੁਲੱਥ ਵਿਧਾਨ ਸਭਾ ਹਲਕਿਆਂ ਦੇ ਸ਼ਰਧਾਲੂ ਐਸ.ਡੀ.ਐਮ ਦਫਤਰਾਂ ਤੋਂ ਲੈ ਸਕਦੇ ਨੇ ਅਰਜ਼ੀ ਫਾਰਮ: ਡਿਪਟੀ ਕਮਿਸ਼ਨਰ
ਕਪੂਰਥਲਾ ( ਗੌਰਵ ਮੜੀਆ ) ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 6 ਦਸੰਬਰ ਨੂੰ ਦੂਜੀ ਵਿਸ਼ੇਸ਼ ਰੇਲ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ, ਵਾਰਾਨਸੀ ਲਈ ਜਲੰਧਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਜਿਸ ਵਿਚ ਜ਼ਿਲ੍ਹਾ ਕਪੂਰਥਲਾ ਦੇ 2 ਵਿਧਾਨ ਸਭਾ ਹਲਕਿਆਂ ਫਗਵਾੜਾ ਅਤੇ ਭੁਲੱਥ ਤੋਂ ਚਾਹਵਾਨ ਸ਼ਰਧਾਲੂ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਸ਼ੁਰੂ ਹੋਈ ਇਸ ਤੀਰਥ ਯਾਤਰਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਵਾਨਾ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਇਸ ਸਕੀਮ ਤਹਿਤ ਜਲੰਧਰ ਤੋਂ ਅਗਲੀ ਰੇਲ 6 ਦਸੰਬਰ ਨੂੰ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਲੈ ਕੇ ਜਾਵੇਗੀ। ਉਨ੍ਹਾਂ ਦੱਸਿਆ ਕਿ ਫਗਵਾੜਾ ਅਤੇ ਭੁਲੱਥ ਵਿਧਾਨ ਸਭਾ ਹਲਕਿਆਂ ਦੇ ਚਾਹਵਾਨ ਸ਼ਰਧਾਲੂ ਸਬੰਧਿਤ ਐਸ.ਡੀ.ਐਮ ਦਫਤਰ ਵਿਖੇ ਸੰਪਰਕ ਕਰਕੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਅਰਜ਼ੀ ਫਾਰਮ ਪ੍ਰਾਪਤ ਕਰ ਸਕਦਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਰਧਾਲੂ ਆਪਣਾ ਅਰਜ਼ੀ ਫਾਰਮ ਲੋੜੀਂਦੇ ਵੇਰਵਿਆਂ ਸਹਿਤ ਸਬੰਧਿਤ ਐਸ.ਡੀ.ਐਮ ਦਫਤਰ ਵਿਖੇ ਤੈਅ ਸਮੇਂ ਤੋਂ ਪਹਿਲਾਂ ਜਮ੍ਹਾਂ ਕਰਵਾਵੇ ਤਾਂ ਜੋ ਤੀਰਥ ਯਾਤਰਾ ਦਾ ਲਾਭ ਲਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਰੇਲ ਗੱਡੀ ਚੱਲਣ ਦੇ ਵੇਰਵਿਆਂ ਬਾਰੇ ਸ਼ਰਧਾਲੂਆਂ ਨੂੰ ਬਾਅਦ ਵਿਚ ਸੂਚਿਤ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਨੂੰ ਵੱਖ-ਵੱਖ ਤੀਰਥ ਅਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ ਜਿਨ੍ਹਾਂ ਵਿਚ ਸ੍ਰੀ ਹਰਮੰਦਿਰ ਸਾਹਿਬ, ਸ੍ਰੀ ਹਜੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਮਾਤਾ ਨੈਨਾ ਦੇਵੀ ਜੀ, ਸ੍ਰੀ ਵਰਿੰਦਾਵਨ ਧਾਮ, ਮਾਤਾ ਵੈਸ਼ਨੋ ਦੇਵੀ ਜੀ, ਮਾਤਾ ਜਵਾਲਾ ਜੀ, ਵਾਰਾਨਸੀ, ਮਾਤਾ ਚਿੰਤਪੁਰਨੀ ਜੀ, ਸ੍ਰੀ ਖਾਟੂ ਸ਼ਯਾਮ ਜੀ, ਸ੍ਰੀ ਸਾਲਾਸਰ ਧਾਮ ਅਤੇ ਖਵਾਜਾ ਅਜਮੇਰ ਸ਼ਰੀਫ ਦਰਗਾਹ ਸ਼ਾਮਲ ਹਨ।

