5 ਦਸੰਬਰ ਨੂੰ ਕਰਵਾਈ ਜਾ ਰਹੀ ਹੈ ਸਰਦਾਰ ਬਲਬੀਰ ਸਿੰਘ ਅਲੂਮਨੀ ਮੀਟ : ਪ੍ਰਿੰਸੀਪਲ ਡਾ. ਜਸਪਾਲ ਸਿੰਘ
ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੀ ਪੜ੍ਹਾਈ, ਸਮਾਜਕ ਗਤੀਵਿਧੀਆਂ ਅਤੇ ਸਿੱਖਿਆ ਸੰਬੰਧੀ ਵਿਚਾਰ ਤੇ ਮਥੰਨ ਕਰਦਾ ਰਹਿੰਦਾ ਹੈ। ਅਜਿਹੀਆਂ ਗਤੀਵਿਧੀਆਂ ਤੇ ਯੋਜਨਾਵਾਂ ਸੰਬੰਧੀ ਚਰਚਾ ਕਰਨ ਲਈ ਕਾਲਜ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਦੇ ਮਕਸਦ ਨਾਲ ਕਾਲਜ ਵਿਖੇ 5 ਦਸੰਬਰ 2023 ਨੂੰ ਅਲੂਮਨੀ ਮੀਟ ਕਰਵਾਈ ਜਾ ਰਹੀ ਹੈ।
ਇਸ ਮੀਟ ਵਿਚ 400 ਤੋਂ 500 ਪੁਰਾਣੇ ਵਿਦਿਆਰਥੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ੫ ਦਸੰਬਰ ਨੂੰ ਸ. ਬਲਬੀਰ ਸਿੰਘ ਸਾਬਕਾ ਮੰਤਰੀ ਪੰਜਾਬ ਸਰਕਾਰ ਤੇ ਮੈਂਬਰ ਪਾਰਲੀਮੈਂਟ ਦਾ ਜਨਮ ਦਿਨ ਹੁੰਦਾ ਹੈ। ਕਾਲਜ ਦੇ ਪੁਰਾਣੇ ਵਿਦਿਆਰਥੀ ਇਸ ਦਿਨ ਨੂੰ ਅਲੂਮਨੀ ਮੀਟ ਦੇ ਰੂਪ ’ਚ ਮਨਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦੇ ਪੁਰਾਣੇ ਨਾਮਵਰ ਵਿਦਿਆਰਥੀ ਇਸ ਸਮਾਗਮ ਵਿਚ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਹ ਸਮਾਗਮ ਦੁਪਹਿਰ 2.30 ਵਜੇ ਸ਼ੁਰੂ ਹੋ ਕੇ ਸ਼ਾਮ ਤੱਕ ਚਲਦਾ ਰਹੇਗਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਮੌਕੇ ਨਵੀਂ ਸਿੱਖਿਆ ਨੀਤੀ, ਜੋ ਕਿ ਅਗਲੇ ਅਕਾਦਮਿਕ ਸੈਸ਼ਨ 224-25 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਾਲਜਾਂ ਵਿਚ ਵੀ ਲਾਗੂ ਕੀਤੀ ਜਾ ਰਹੀ ਹੈ, ਸੰਬੰਧੀ ਵੀ ਆਪਣੇ ਵਿਚਾਰ ਪ੍ਰਸਤੁਤ ਕੀਤੇ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਕਾਲਜਾਂ ਦੇ ਕਾਰਜੀ ਢਾਂਚੇ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ।
ਇਸ ਮੌਕੇ ਉਨ੍ਹਾਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸੰਬੰਧੀ ਕਾਲਜਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕਾਲਜਾਂ ਦਾ ਸਰਕਾਰ ਵੱਲ 2017 ਤੋਂ 2020 ਤੱਕ ਦਾ ਤਿੰਨ ਸਾਲ ਦਾ ਬਕਾਇਆ ਬਾਕੀ ਹੈ, ਜੋ ਕਿ ਅਜੇ ਤੱਕ ਜਾਰੀ ਨਹੀਂ ਹੋਇਆ। ਇਸ ਤੋਂ ਇਲਾਵਾ ਪਿਛਲੇ ਸੈਸ਼ਨ 2022-23 ਦੀ 70% ਸਕਾਲਰਸ਼ਿਪ ਦੀ ਰਾਸ਼ੀ ਵਿਦਿਆਰਥੀਆਂ ਦੇ ਖਾਤੇ ਵਿਚ ਨਹੀਂ ਆਈ, ਜਿਸ ਕਰਕੇ ਕਾਲਜ ਗੰਭੀਰ ਆਰਥਿਕ ਸੰਕਟ ਦੇ ਸ਼ਿਕਾਰ ਹੋ ਗਏ ਹਨ।

ਉਨ੍ਹਾਂ ਸਰਕਾਰ ਨੂੰ ਜਲਦੀ ਹੀ ਇਹ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਸਾਲ 2023-24 ਲਈ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਪੋਰਟਲ ਨਹੀਂ ਖੋਲਿਆ ਗਿਆ। ਜਦਕਿ ਇਕ ਸਮੈਸਟਰ ਪੂਰਾ ਹੋ ਗਿਆ ਹੈ ਤੇ ਵਿਦਿਆਰਥੀ ਪ੍ਰੀਖਿਆ ਵੀ ਦੇ ਰਹੇ ਹਨ। ਉਨ੍ਹਾਂ ਸਰਕਾਰ ਨੂੰ ਪੋਰਟਲ ਵੀ ਜਲਦ ਤੋਂ ਜਲਦ ਖੋਲਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਜਸਰੀਨ ਕੌਰ ਵਾਈਸ ਪ੍ਰਿੰਸੀਪਲ, ਪ੍ਰੋ. ਸੰਜੀਵ ਕੁਮਾਰ ਆਨੰਦ, ਡਾਇਰੈਕਟਰ ਅਲੂਮਨੀ, ਪ੍ਰੋ. ਹਰੀਓਮ ਵਰਮਾ, ਕਾਲਜ ਮੀਡੀਆ ਕਨਵੀਨਰ, ਪ੍ਰੋ. ਅਹੁਜਾ ਸੰਦੀਪ ਅਤੇ ਪ੍ਰੋ. ਸੁਰਿੰਦਰ ਪਾਲ ਮੰਡ ਵੀ ਹਾਜ਼ਰ ਸਨ।

