ਜਲੰਧਰ : 9 ਅਕਤੂਬਰ : ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਹੋਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਸਬੰਧਤ ਪਟਵਾਰ ਹਲਕੇ ਦੇ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ ਜਾਂ ਲੋਕਲ ਅਥਾਰਿਟੀਜ਼ ਦੇ ਕਰਮਚਾਰੀਆਂ, ਜਿਨ੍ਹਾ ਨੂੰ ਸਬੰਧਤ ਏਰੀਏ ਦੇ ਉਪ ਮੰਡਲ ਮੈਜਿਸਟਰੇਟ ਵਲੋਂ ਨਾਮਜ਼ਦ ਕੀਤਾ ਗਿਆ ਹੈ, ਪਾਸ ਸੰਭਾਵੀ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਾਉਣ ਲਈ ਫਾਰਮ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਉਪ ਮੰਡਲ ਮੈਜਿਸਟਰੇਟ ਦੇ ਦਫਤਰਾਂ ਤੋਂ ਇਹ ਫਾਰਮ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ।ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਲਈ ਵੋਟਰ ਬਣਨ ਲਈ ਵਿਅਕਤੀ ਕੇਸਾਧਾਰੀ ਸਿੱਖ ਹੋਣਾ ਲਾਜਮੀ ਹੈ।
ਉਨ੍ਹਾਂ ਕਿਹਾ ਕਿ ਵਿਅਕਤੀ ਆਪਣੀ ਦਾੜੀ ਜਾਂ ਕੇਸ ਨਾ ਕੱਟਦਾ/ਕੱਟਦੀ ਹੋਵੇ ਅਤੇ ਨਾ ਹੀ ਸ਼ੇਵ ਕਰਦਾ/ਕਰਦੀ ਹੋਵੇ, ਕਿਸੇ ਵੀ ਰੂਪ ਵਿੱਚ ਤੰਬਾਕੂਨੋਸ਼ੀ ਨਾ ਕਰਦਾ/ਕਰਦੀ ਹੋਵੇ ਅਤੇ ਨਾ ਹੀ ਕੁੱਠਾ (ਹਲਾਲ) ਮਾਸ ਦਾ ਸੇਵਨ ਕਰਦਾ/ਕਰਦੀ ਹੋਵੇ, ਸ਼ਰਾਬ ਨਾ ਪੀਂਦਾ/ਪੀਂਦੀ ਹੋਵੇ, ਪਤਿਤ ਨਾ ਹੋਵੇ।
ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਅਤੇ ਵਿਅਕਤੀ, ਭਾਵੇਂ ਉਹ ਸਮਾਜਿਕ ਜਾਂ ਧਾਰਮਿਕ ਹੋਣ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਯਤਨਸ਼ੀਲ ਹਨ, ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯੋਗ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਵੋਟਰ ਰਜਿਸਟ੍ਰੇਸ਼ਨ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਤਾਂ ਜੋ ਨਿਰਧਾਰਿਤ ਮਿਆਦ ਦੇ ਅੰਦਰ ਸਾਰੇ ਯੋਗ ਵੋਟਰਾਂ ਦੀ ਰਜਿਸਟਰੇਸ਼ਨ ਮੁਕੰਮਲ ਕੀਤਾ ਜਾ ਸਕੇ।

