ਜਲੰਧਰ, 29 ਸਤੰਬਰ : ਪਲਾਸਟਿਕ ਦੇ ਲਿਫ਼ਾਫੇ ਬਣਾਉਣ ਅਤੇ ਭੰਡਾਰ ਕਰਨ ਵਿਰੁੱਧ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੰਜਾਬ ਪ੍ਰਦੂਸ਼ਫ ਕੰਟਰੋਲ ਬੋਰਡ ਵਲੋਂ ਦੋ ਫੈਕਟਰੀਆਂ ’ਤੇ ਛਾਪੇ ਮਾਰ ਕੇ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਸਮਾਨ ਜ਼ਬਤ ਕੀਤਾ ਗਿਆ ਹੈ।
ਕਾਰਜਕਾਰੀ ਇੰਜੀਨੀਅਰ ਸੰਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਲਾਸਟਿਕ ਦੇ ਲਿਫ਼ਾਫੇ ਬਣਾਉਣ ਅਤੇ ਭੰਡਾਰ ਕਰਨ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਬੋਰਡ ਵਲੋਂ 15 ਪਲਾਸਟਿਕ ਅਧਾਰਿਤ ਉਦਯੋਗਾਂ ’ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਟੀਮ ਵਲੋਂ ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਪਲਾਸਟਿਕ ਦੇ ਲਿਫ਼ਾਫਿਆਂ ਨੂੰ ਜ਼ਬਤ ਕੀਤਾ ਗਿਆ ਹੈ।
ਕਾਰਜਕਾਰੀ ਇੰਜੀਨੀਅਰ ਸੰਦੀਪ ਕੁਮਾਰ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਗੌਰਵ ਕਸ਼ਅਪ ਅਤੇ ਇੰਜੀਨੀਅਰ ਮਨਵਿੰਦਰਜੀਤ ਹੁੰਦਲ ਸ਼ਾਮਿਲ ਸਨ ਵਲੋਂ ਵਰਿਆਣਾ ਕੰਪਲੈਕਸ ਵਿਖੇ ਮੈ/ਸ ਕੀਵੀ ਓਵਰਸੀਜ਼ ਦਾ ਦੌਰਾ ਕੀਤਾ ਗਿਆ।
ਟੀਮ ਵਲੋਂ ਪਾਇਆ ਗਿਆ ਕਿ ਫੈਕਟਰੀ ਵਿਖੇ ਪਲਾਸਟਿਕ ਦੇ ਲਿਫ਼ਾਫੇ ਬਣਾਏ ਜਾ ਰਹੇ ਹਨ ਅਤੇ ਦੋ ਟਨ ਦੇ ਕਰੀਬ ਲਿਫ਼ਾਫਿਆਂ ਨੂੰ ਜ਼ਬਤ ਕੀਤਾ ਗਿਆ। ਇਸ ਉਪਰੰਤ ਟੀਮ ਵਲੋਂ ਸਥਾਨਕ ਭਗਤ ਸਿੰਘ ਕਲੌਨੀ ਵਿਖੇ ਮੈ/ਸ ਮਾਰਵਲ ਇੰਟਰਨੈਸ਼ਨ ਫੈਕਟਰੀ ਦਾ ਦੌਰਾ ਕੀਤਾ ਗਿਆ ਅਤੇ ਪਲਾਸਟਿਕ ਦੇ ਲਿਫ਼ਾਫੇ ਬਣਦੇ ਪਾਏ ਗਏ ਅਤੇ 473 ਕਿਲੋ ਲਿਫ਼ਾਫਿਆਂ ਨੂੰ ਜ਼ਬਤ ਕੀਤਾ ਗਿਆ।
ਸੰਦੀਪ ਕੁਮਾਰ ਨੇ ਦੱਸਿਆ ਕਿ ਪਲਾਸਟਿਕ ਦੇ ਲਿਫ਼ਾਫਿਆਂ ਨੂੰ ਬਣਾਉਣ ਅਤੇ ਇਸ ਨੂੰ ਭੰਡਾਰ ਕਰਨ ਦੀ ਜਾਂਚ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਅਪ੍ਰੈਲ 2016 ਤੋਂ ਸੂਬੇ ਵਿੱਚ ਪਲਾਸਟਿਕ ਲਿਫ਼ਾਫਿਆਂ ਨੂੰ ਬਣਾਉਣ, ਭੰਡਾਰ ਤੇ ਵੰਡ ਕਰਨ, ਰੀਸਾਈਕਿਲੰਗ ਕਰਨ, ਵੇਚਣ ਅਤੇ ਵਰਤੋਂ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਫੈਕਟਰੀਆਂ ਖਿਲਾਫ਼ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰਨਾਂ ਉਦਯੋਗਾਂ ਨੂੰ ਵੀ ਹਦਾਇਤ ਕੀਤੀ ਕਿ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫਿਆਂ ਨੂੰ ਬਣਾਉਣ ਅਤੇ ਭੰਡਾਰ ਨਾ ਕੀਤਾ ਜਾਵੇ ਅਤੇ ਜੇਕਰ ਕੋਈ ਫੈਕਟਰੀ ਅਜਿਹਾ ਕਰਦੀ ਪਾਈ ਗਈ ਤਾਂ ਉਸ ਖਿਲਾਫ਼ ਹਦਾਇਤਾਂ ਦੀ ਉਲੰਘਣਾ ਕਰਨ ਲਈ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

